ਸਿੱਧੂ ਦੇ ਅਸਤੀਫੇ ਤੋਂ ਬਾਅਦ ਕਈ ਵਿਧਾਇਕਾਂ ਨੇ ਮੰਤਰੀ ਅਹੁਦੇ ਲਈ ਲਾਬਿੰਗ ਤੇਜ਼ ਕੀਤੀ
Wednesday, Jul 17, 2019 - 11:59 AM (IST)

ਜਲੰਧਰ (ਮੋਹਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਗੀ ਹੋਏ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਹਾਲੇ ਅਸਤੀਫਾ ਵੀ ਮਨਜ਼ੂਰ ਨਹੀਂ ਹੋਇਆ ਕਿ ਬਿਜਲੀ ਵਿਭਾਗ ਦਾ ਮੰਤਰੀ ਬਣਨ ਵਾਲੇ ਕਾਂਗਰਸ ਦੇ ਸੀਨੀਅਰ ਆਗੂਆਂ 'ਚ ਦੌੜ ਲੱਗ ਗਈ ਹੈ। ਜਿਸ ਵਿਭਾਗ ਨੂੰ ਸਿੱਧੂ ਨੇ ਨਾਕਾਰ ਦਿੱਤਾ, ਉਸ ਦੇ ਲਈ ਹੁਣ ਲਾਬਿੰਗ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਂ ਸਿਖਰ 'ਤੇ ਹੈ, ਜੋ ਆਪਣੇ ਪੁਰਾਣੇ ਦਾਗਾਂ ਨੂੰ ਧੋਣ ਦੀ ਤਿਆਰੀ 'ਚ ਹਨ। ਕਾਂਗਰਸ ਦੇ ਵਿਧਾਇਕ ਅਤੇ ਪਾਰਟੀ ਦੇ ਮੁੱਖ ਬੁਲਾਰੇ ਰਾਜ ਕੁਮਾਰ ਵੇਰਕਾ ਮੰਤਰੀ ਅਹੁਦੇ 'ਤੇ ਦਾਅਵਾ ਪ੍ਰਗਟ ਕਰਨ ਕਾਰਨ ਪਹਿਲਾਂ ਹੀ ਚਰਚਾਵਾਂ 'ਚ ਆ ਚੁੱਕੇ ਹਨ ਪਰ ਨਵਜੋਤ ਸਿੰਘ ਸਿੱਧੂ ਦੇ ਵਿਚਾਰਾਂ ਨਾਲ ਸਹਿਮਤੀ ਰੱਖਣ ਵਾਲੇ ਚੁਨਿੰਦਾ ਵਿਧਾਇਕ ਵੀ ਮੰਤਰੀ ਅਹੁਦੇ ਦੀ ਦੌੜ ਲਈ ਦਿੱਲੀ 'ਚ ਸਰਗਰਮ ਹੋ ਗਏ ਹਨ।
ਕਾਂਗਰਸ ਨੂੰ ਹੁਣ ਇਸ ਗੱਲ ਦੀ ਸੰਭਾਵਨਾ ਘੱਟ ਹੀ ਜਾਪ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਮੰਤਰੀ ਅਹੁਦਾ ਸੰਭਾਲਣਗੇ। ਕਰੀਬ ਸਵਾ ਮਹੀਨੇ ਪਹਿਲਾਂ ਦਿੱਤੇ ਅਸਤੀਫੇ ਨੂੰ ਸਿੱਧੂ ਨੇ ਬੀਤੇ ਦਿਨੀਂ ਜਨਤਕ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵੀ ਆਪਣਾ ਅਸਤੀਫਾ ਭੇਜ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਦਿੱਲੀ ਗਏ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨਾਲ ਇਸ ਮੁੱਦੇ 'ਤੇ ਵਿਚਾਰ ਕਰਨ ਲਈ ਉਨ੍ਹਾਂ ਨਾਲ ਮੁਲਾਕਾਤ ਦੀ ਕੋਸ਼ਿਸ਼ ਵੀ ਕੀਤੀ, ਜੋ ਹੋ ਨਹੀਂ ਸਕੀ। ਮੁੱਖ ਮੰਤਰੀ ਚੰਡੀਗੜ੍ਹ ਪਰਤ ਕੇ ਸਿੱਧੂ ਦੇ ਅਸਤੀਫੇ ਬਾਰੇ ਵਿਚਾਰ ਕਰਨਗੇ ਅਤੇ ਮੰਨਿਆ ਜਾ ਰਿਹਾ ਹੈ ਕਿ ਅਸਤੀਫੇ ਬਾਰੇ ਫੈਸਲਾ ਕੁਝ ਸਮਾਂ ਲਟਕ ਸਕਦਾ ਹੈ।
ਓਧਰ ਦੂਜੇ ਪਾਸੇ ਮੰਤਰੀ ਅਹੁਦੇ ਨੂੰ ਖਾਲੀ ਮੰਨ ਕੇ ਚੱਲ ਰਹੇ ਕਾਂਗਰਸ ਦੇ ਵਿਧਾਇਕਾਂ ਨੇ ਇਸ ਅਹੁਦੇ ਲਈ ਲਾਬਿੰਗ ਸ਼ੁਰੂ ਕਰ ਦਿੱਤੀ ਹੈ। 3-4 ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸਿੱਧੇ -ਅਸਿੱਧੇ ਢੰਗ ਨਾਲ ਮੰਤਰੀ ਅਹੁਦੇ ਲਈ ਆਪਣੀ ਦਾਅਵੇਦਾਰੀ ਪ੍ਰਗਟ ਕਰ ਦਿੱਤੀ ਸੀ। ਅਜਿਹੀਆਂ ਚਰਚਾਵਾਂ ਸਨ ਕਿ ਵੇਰਕਾ ਨੇ ਤਾਂ ਆਪਣੇ ਕਰੀਬੀਆਂ ਨੂੰ ਆਪਣੇ ਮੰਤਰੀ ਬਣਨ ਦੀ ਸੂਚਨਾ ਦਿੱਤੀ ਸੀ ਅਤੇ ਮੀਡੀਆ 'ਚ ਇਸ ਦੀ ਚਰਚਾ ਵੀ ਚੱਲੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੰਤਰੀ ਅਹੁਦੇ ਤੋਂ ਲਾਂਭੇ ਕੀਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਂ ਵੀ ਸਿਖਰ 'ਤੇ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੰਤਰੀ ਅਹੁਦਾ ਜੱਟ ਸਿੱਖ ਭਾਈਚਾਰੇ ਦੇ ਨੁਮਾਇੰਦੇ ਨੂੰ ਜਾ ਸਕਦਾ ਹੈ। ਹਾਲਾਂਕਿ ਮੰਤਰੀ ਮੰਡਲ ਦੀ ਮੀਟਿੰਗ ਦਾ ਸਿੱਧੇ ਤੌਰ 'ਤੇ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਮੀਟਿੰਗ ਤੋਂ ਬਾਅਦ ਗੈਰ-ਰਸਮੀ ਗੱਲਬਾਤ 'ਚ ਮੁੱਖ ਮੰਤਰੀ ਅਤੇ ਮੰਤਰੀ ਅਕਸਰ ਹੀ ਅਜਿਹੀਆਂ ਗੱਲਾਂ ਬਾਰੇ ਚਰਚਾ ਕਰਦੇ ਹਨ।