ਸਿੱਧੂ ਨੇ ਬਾਦਲਾਂ ਦੇ ਗੜ੍ਹ ''ਚ ਮਾਰਿਆ ਛੱਕਾ!

Wednesday, May 15, 2019 - 12:20 PM (IST)

ਸਿੱਧੂ ਨੇ ਬਾਦਲਾਂ ਦੇ ਗੜ੍ਹ ''ਚ ਮਾਰਿਆ ਛੱਕਾ!

ਲੁਧਿਆਣਾ (ਮੁੱਲਾਂਪੁਰੀ) : ਪ੍ਰਚਾਰ 'ਚ ਰਹਿੰਦੇ ਕੁਝ ਹੀ ਦਿਨਾਂ 'ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਰ ਬਠਿੰਡਾ ਜਾ ਕੇ ਬਾਦਲਾਂ ਦੇ ਗੜ੍ਹ 'ਚ ਸਿਆਸੀ ਛੱਕਾ ਮਾਰ ਹੀ ਦਿੱਤਾ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਬਠਿੰਡਾ ਗਏ ਸਿੱਧੂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਮਿਲਿਆ ਤਾਂ ਫਿਰ ਕੀ ਸੀ, ਸਿੱਧੂ ਨੇ ਸ਼ਾਇਰੀ ਕੀਤੀ, ਨਸ਼ੇ ਦੇ ਮਾਮਲੇ 'ਚ ਮਜੀਠੀਆ ਨੂੰ ਘੜੀਸਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੱਡੀ ਸਹੁੰ ਖਾਧੀ ਅਤੇ ਆਪਣੇ ਬਾਪ ਦਾ ਨਾਂ ਲੈ ਕੇ ਕਿਹਾ ਕਿ ਉਹ ਉਸ ਦਾ ਪੁੱਤ ਨਹੀਂ ਹੋਵੇਗਾ, ਜਦੋਂ ਤੱਕ ਉਹ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਜੇਲ 'ਚ ਨਹੀਂ ਡੱਕ ਦਿੰਦਾ।

ਸਿੱਧੂ ਦੇ ਭਾਸ਼ਣ 'ਤੇ ਤਾੜੀਆਂ ਨਾਲ ਆਸਮਾਨ ਗੂੰਜ ਰਿਹਾ ਸੀ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪਿਛਲੀ ਵਾਰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਮੌਕੇ ਸਟੇਜ ਤੋਂ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਉਹ ਆਪਣੇ ਮਨ ਦੀਆਂ ਮਨ 'ਚ ਹੀ ਲੈ ਕੇ ਚਲੇ ਗਏ। ਬੀਤੇ ਦਿਨ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਬਾਦਲਾਂ ਨੂੰ ਖੂਬ ਰਗੜੇ ਲਾਏ ਅਤੇ ਤਾੜੀਆਂ ਬਟੋਰੀਆਂ। ਭਾਵੇਂ ਪ੍ਰਿਯੰਕਾ ਖਿੱਚ ਦਾ ਕੇਂਦਰ ਸੀ ਪਰ ਸਿੱਧੂ ਵੀ ਕਿਸੇ ਨਾਲ ਘੱਟ ਨਹੀਂ ਸੀ।


author

Babita

Content Editor

Related News