ਕਪਿਲ ਸ਼ਰਮਾ ਸ਼ੋਅ ਤੋਂ ਬਾਅਦ ਹੁਣ ਸਿੱਧੂ ਨੂੰ ਕੈਬਨਿਟ ''ਚੋਂ ਕੱਢਣ ਦੀ ਉੱਠੀ ਮੰਗ

Saturday, Feb 16, 2019 - 09:15 PM (IST)

ਕਪਿਲ ਸ਼ਰਮਾ ਸ਼ੋਅ ਤੋਂ ਬਾਅਦ ਹੁਣ ਸਿੱਧੂ ਨੂੰ ਕੈਬਨਿਟ ''ਚੋਂ ਕੱਢਣ ਦੀ ਉੱਠੀ ਮੰਗ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਮੁੱਖ ਸਕੱਤਰ ਪਵਨ ਦੀਵਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੰਤਰੀਮੰਡਲ ਤੋਂ ਬਰਖਾਸਤ ਕਰਨ ਅਤੇ ਉਨ੍ਹਾਂ ਖਿਲਾਫ ਰਾਸ਼ਟਰਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਦੀਵਾਨ ਨੇ ਅੱਜ ਇਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਸਿੱਧੂ ਦੇ ਦਿੱਤੇ ਗਏ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਪਾਕਿਸਤਾਨ ਦੇ ਬੁਲਾਰੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।

ਸਿੱਧੂ ਕਰ ਰਹੇ ਪਾਕਿਸਤਾਨ ਦਾ ਬਚਾਅ
ਉਨ੍ਹਾਂ ਕਿਹਾ ਕਿ ਜਦੋਂ ਸਮੁੱਚਾ ਵਿਸ਼ਵ ਇਹ ਜਾਣਦਾ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਜਿਸ 'ਚ ਸੀ.ਆਰ. ਪੀ. ਐਫ. ਦੇ 40 ਬਹਾਦਰ ਜਵਾਨਾਂ ਦੀ ਮੌਤ ਹੋ ਗਈ ਪਰ ਸਿੱਧੂ ਪਾਕਿਸਤਾਨ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਬਿਆਨਾਂ ਤੋਂ ਦੇਸ਼ ਦੇ ਪ੍ਰਤੀ ਨਹੀਂ ਬਲਕਿ ਪਾਕਿਸਤਾਨ ਦੇ ਪ੍ਰਤੀ ਆਪਣੀ ਵਫਾਦਾਰੀ ਸਾਬਤ ਕਰ ਰਹੇ ਹਨ। ਅਜਿਹਾ ਕਰਕੇ ਸਿੱਧੂ ਨੇ ਕੇਵਲ ਦੇਸ਼ ਦੇ ਨਾਲ ਕਥਿਤ ਤੌਰ 'ਤੇ ਧੋਖਾ ਕੀਤਾ ਹੈ ਬਲਕਿ ਜਨਤਾ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ।

ਰਾਹੁਲ ਗਾਂਧੀ ਨੂੰ ਵੀ ਕੀਤੀ ਸਿੱਧੂ ਨੂੰ ਪਾਰਟੀ 'ਚੋਂ ਮੁੱਅਤਲ ਕਰਨ ਦੀ ਮੰਗ
ਉਨ੍ਹਾਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਤੋਂ ਵੀ ਸਿੱਧੂ ਨੂੰ ਪਾਰਟੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਅਤੇ ਉਨ੍ਹਾਂ ਦਾ ਬੋਰੀਆ ਬਿਸਤਰਾ ਪੈਕ ਕੇ ਦੁਬਾਰਾ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਭੇਜਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਦਗਾਬਾਜ਼ਾਂ ਦਾ ਅਜਿਹੀ ਪਾਰਟੀ 'ਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ, ਜਿਸਦਾ ਇਤਿਹਾਸ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਮਹਾਤਮਾ ਗਾਂਧੀ ਤੋਂ ਲੈ ਕੇ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਬੇਅੰਤ ਸਿੰਘ ਜਿਹੇ ਆਗੂਆਂ ਦੇ ਬਲਿਦਾਨਾਂ ਨਾਲ ਭਰਿਆ ਹੋਇਆ ਹੈ।

ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਸਿੱਧੂ
ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਕਿਸਤਾਨ ਦੇ ਨਾਲ ਸ਼ਾਂਤੀਵਾਰਤਾ ਕਰਨ ਦਾ ਪ੍ਰਵਚਨ ਕਰਨ ਦੀ ਬਜਾਏ ਆਪਣੀ ਜ਼ੈਡ ਪਲੱਸ ਸੁਰੱਖਿਆ ਅਤੇ ਬੁਲੇਟਪਰੂਫ ਵਾਹਨ ਛੱਡ ਕੇ ਦੇਸ਼ ਦੀਆਂ ਸਰਹੱਦਾਂ 'ਤੇ ਜਾ ਕੇ ਲੜਨਾ ਚਾਹੀਦਾ ਹੈ। ਜਿਥੇ ਦੇਸ਼ ਦੀ ਸੁਰੱਖਿਆ ਲਈ ਜਵਾਨ ਆਪਣਾ ਲਹੁ ਬਹਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਗੋਲੀ ਦਾ ਜਵਾਬ ਗੋਲੀ ਨਾਲ ਚਾਹੁੰਦੇ ਹਾਂ। ਸਿੱਧੂ ਜਿਹੇ ਆਗੂਆਂ ਲਈ ਬੁਲੇਟਪਰੂਫ ਵਾਹਨ ਨਹੀਂ ਜੋ ਸੱਤਾ ਦਾ ਵੀ ਮਜ਼ਾ ਲੁੱਟ ਰਹੇ ਹਨ ਪਰ ਭਾਸ਼ਾ ਪਾਕਿਸਤਾਨ ਦੀ ਬੋਲ ਰਹੇ ਹਨ।  


Related News