ਬਿਹਤਰ ਹੁੰਦਾ ਸਿੱਧੂ ਬਿਜਲੀ ਮਹਿਕਮਾ ਸੰਭਾਲ ਕੇ ਲੋਕ ਭਲਾਈ ਦੇ ਕੰਮ ਕਰਦੇ : ਹਰਪਾਲ ਚੀਮਾ

Sunday, Jul 21, 2019 - 12:57 AM (IST)

ਬਿਹਤਰ ਹੁੰਦਾ ਸਿੱਧੂ ਬਿਜਲੀ ਮਹਿਕਮਾ ਸੰਭਾਲ ਕੇ ਲੋਕ ਭਲਾਈ ਦੇ ਕੰਮ ਕਰਦੇ : ਹਰਪਾਲ ਚੀਮਾ

ਚੰਡੀਗੜ੍ਹ,(ਸ਼ਰਮਾ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਲੰਬੇ ਸਮੇਂ ਤੋਂ ਲਟਕਿਆ ਅਸਤੀਫ਼ਾ ਮਨਜ਼ੂਰ ਹੋਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਇਹ ਕਾਂਗਰਸ ਦਾ ਅੰਦਰੂਨੀ ਅਤੇ 2 ਵੱਡੇ ਲੀਡਰਾਂ 'ਚ ਕੁਰਸੀ ਦੀ ਲੜਾਈ ਦਾ ਮਾਮਲਾ ਹੈ ਪਰ ਇਸ ਪੂਰੇ ਘਟਨਾਕ੍ਰਮ ਤੋਂ ਤੈਅ ਹੈ ਕਿ ਪਰਿਵਾਰਵਾਦ, ਭ੍ਰਿਸ਼ਟਾਚਾਰ, ਹਉਮੈ ਤੇ ਜੀ ਹਜ਼ੂਰੀ ਕਲਚਰ ਦਾ ਸ਼ਿਕਾਰ ਕਾਂਗਰਸ ਦਾ ਦੇਸ਼ ਭਰ 'ਚੋਂ 
ਮੁਕੰਮਲ ਸਫ਼ਾਇਆ ਨਿਸ਼ਚਿਤ ਹੈ।

ਚੀਮਾ ਅਨੁਸਾਰ ਜੋ ਗਾਂਧੀ ਪਰਿਵਾਰ ਅਤੇ ਕਾਂਗਰਸ ਹਾਈਕਮਾਨ ਆਪਣੇ 2 ਆਗੂਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਦੀ 'ਕੁਰਸੀ' ਦੀ ਲੜਾਈ ਦਾ ਸਾਕਾਰਾਤਮਕ ਹੱਲ ਕੱਢਣ 'ਚ ਅਸਫਲ ਰਹੀ, ਉਸ ਤੋਂ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਭਖਵੇਂ ਮਸਲਿਆਂ ਦੇ ਹੱਲ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? ਇਸ ਪੂਰੇ ਘਟਨਾਕ੍ਰਮ ਨੇ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਸਮਝ ਅਤੇ ਚਾਹਤ 'ਤੇ ਸਵਾਲੀਆ ਚਿੰਨ੍ਹ ਲਗਾਇਆ ਹੈ। ਬਿਹਤਰ ਹੁੰਦਾ ਸਿੱਧੂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਬਰ ਸੰਤੋਖ ਤੋਂ ਕੰਮ ਲੈਂਦੇ ਅਤੇ ਬਿਜਲੀ ਮਹਿਕਮਾ ਸੰਭਾਲ ਕੇ ਅਰਬਾਂ ਰੁਪਏ ਦੇ 'ਬਿਜਲੀ ਮਾਫ਼ੀਆ' 'ਚ ਬਾਦਲਾਂ-ਕੈਪਟਨ ਤੇ ਹੋਰ ਰਸੂਖਵਾਨਾਂ ਦੀਆਂ ਹਿੱਸੇਦਾਰੀਆਂ ਤੇ ਦਲਾਲੀਆਂ ਨੰਗਾ ਕਰਦੇ।

ਗਿਣੀ-ਮਿਥੀ ਸਾਜ਼ਿਸ਼ ਹੈ ਘੁਟਾਲਿਆਂ ਦੀਆਂ ਫਾਈਲਾਂ ਦਾ ਗੁੰਮ ਹੋਣਾ
ਚੀਮਾ ਨੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਅੱਧੀ ਦਰਜਨ ਅਹਿਮ ਫਾਈਲਾਂ ਗੁੰਮ ਹੋ ਜਾਣ ਨੂੰ ਵੀ ਉੱਚ ਪੱਧਰੀ ਗਿਣੀ-ਮਿਥੀ ਸਾਜ਼ਿਸ਼ ਕਰਾਰ ਦਿੱਤਾ ਹੈ, ਕਿਉਂਕਿ ਇਨ੍ਹਾਂ ਗੁੰਮ ਹੋਈਆਂ ਫਾਈਲਾਂ 'ਚ ਇਕ ਫਾਈਲ ਲੁਧਿਆਣਾ ਦੇ 1144 ਕਰੋੜ ਦੇ ਬਹੁ-ਚਰਚਿਤ ਸਿਟੀ ਸੈਂਟਰ ਘੁਟਾਲੇ ਨਾਲ ਸਬੰਧਿਤ ਹੈ ਅਤੇ ਦੂਸਰੀ ਮਹਿਰਾਜ ਨਗਰ ਪੰਚਾਇਤ (ਰਾਮਪੁਰਾਫੂਲ) ਨਾਲ ਜੁੜੀ ਹੋਈ ਹੈ। ਦੋਵਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧਾ ਅਤੇ ਨਿੱਜੀ ਸਬੰਧ ਜੁੜਿਆ ਹੋਇਆ ਹੈ। ਇਕ ਬਿਆਨ ਰਾਹੀਂ ਚੀਮਾ ਨੇ ਇਸ ਅਤਿ ਸੰਵੇਦਨਸ਼ੀਲ ਮਾਮਲੇ ਦੀ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਥੱਲੇ ਸਮਾਂਬੱਧ ਜਾਂਚ ਮੰਗੀ ਹੈ।
 


Related News