ਹਮਲੇ ਪਿੱਛੇ ਜਿਸਦਾ ਵੀ ਹੱਥ ਹੈ, ਉਸ ਨੂੰ ਠੋਕ ਦਿਓ : ਸਿੱਧੂ
Sunday, Feb 17, 2019 - 03:02 PM (IST)
ਦੀਨਾਨਗਰ (ਦੀਪਕ) - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਗੁਰਦਾਸਪੁਰ ਦੇ ਹਲਕਾ ਦੀਨਾਨਗਰ 'ਚ 35.53 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਅਰੂਣਾ ਚੌਧਰੀ ਵੀ ਮੌਜੂਦ ਸਨ। ਇਸ ਸਮਾਗਮ ਤੋਂ ਬਾਅਦ ਨਵਜੋਤ ਸਿੰਘ ਪੁਲਵਾਮਾ 'ਚ ਸ਼ਹੀਦ ਹੋਏ ਦੀਨਾਨਗਰ ਦੇ ਜਵਾਨ ਮਨਿੰਦਰ ਸਿੰਘ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟਾਵਾ ਕੀਤਾ।
ਵਿਰੋਧੀਆਂ 'ਤੇ ਭੜਕਦੇ ਹੋਏ ਨਵਜੋਤ ਸਿਧੂ ਨੇ ਕਿਹਾ ਕਿ ਵਿਰੋਧੀਆਂ ਨੂੰ ਬੋਲਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ ਅਤੇ ਸਿਆਸਤ ਚਮਕਾਉਣ ਲਈ ਉਹ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਉਹ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਹਨ ਕਿ ਉਸ ਨੇ ਕਦੇ ਨਹੀਂ ਕਿਹਾ ਕਿ ਅੱਤਵਾਦੀਆਂ ਨੂੰ ਸਜ਼ਾ ਨਾ ਦੇਣ, ਸਗੋਂ ਅੱਤਵਾਦੀਆਂ ਨੇ ਜੋ ਕੁਝ ਕੀਤਾ ਹੈ, ਉਸ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਦੇ ਪਿੱਛੇ ਜਿਸਦਾ ਵੀ ਹੱਥ ਹੈ, ਉਸ ਨੂੰ ਠੋਕ ਦੇਣਾ ਚਾਹੀਦਾ ਹੈ। ਅਜਿਹਾ ਕਰਨ ਲਈ ਉਨ੍ਹਾਂ ਦੀ ਪਾਰਟੀ ਅਤੇ ਭਾਰਤ ਦੇ ਲੋਕ ਸਰਕਾਰ ਦੇ ਨਾਲ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਤਵਾਦੀ ਸਾਡੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰ ਸਕਦੇ।