ਪੁਲਵਾਮਾ ਹਮਲੇ ''ਤੇ ਨਵਜੋਤ ਸਿੱਧੂ ਦਾ ਗੋਲ-ਮੋਲ ਜਵਾਬ (ਵੀਡੀਓ)

02/15/2019 6:57:02 PM

ਚੰਡੀਗੜ੍ਹ : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਦੇਸ਼ ਭਰ ਵਿਚ ਪਾਕਿਸਤਾਨ ਖਿਲਾਫ ਰੋਹ ਦੇਖਣ ਨੂੰ ਮਿਲ ਰਿਹਾ ਹੈ, ਅੱਤਵਾਦੀਆਂ ਅਤੇ ਪਾਕਿਸਤਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਸ ਦੁੱਖਦਾਈ ਘਟਨਾ 'ਤੇ ਗੋਲ-ਮੋਲ ਜਵਾਬ ਦਿੱਤਾ ਹੈ। ਇਕ ਪਾਸੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਸਿੱਧੀ ਵੰਗਾਰ ਦਿੱਤੀ ਗਈ ਹੈ, ਉਥੇ ਹੀ ਨਵਜੋਤ ਸਿੱਧੂ ਪਾਕਿਸਤਾਨ ਖਿਲਾਫ ਕੁੱਝ ਵੀ ਬੋਲਣ ਤੋਂ ਬਚਦੇ ਨਜ਼ਰ ਆਏ। ਚੰਡੀਗੜ੍ਹ 'ਚ ਜਦੋਂ ਪੱਤਰਕਾਰਾਂ ਵਲੋਂ ਪੁਲਵਾਮਾ ਹਮਲੇ 'ਤੇ ਸਿੱਧੂ ਤੋਂ ਸਵਾਲ ਕੀਤਾ ਗਿਆ ਤਾਂ ਸਿੱਧੂ ਨੇ ਇਸ ਹਮਲੇ ਦੀ ਨਿੰਦਾ ਜ਼ਰੂਰ ਕੀਤੀ, ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਅੱਤਵਾਦ ਦਾ ਨਾ ਤਾਂ ਕੋਈ ਮੁਲਕ ਹੁੰਦਾ ਹੈ ਅਤੇ ਨਾ ਹੀ ਕੋਈ ਧਰਮ। ਸਿੱਧੂ ਨੇ ਕਿਹਾ ਕਿ ਜਾਨ ਲੈਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ। 
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਵੀਰਵਾਰ ਬਾਅਦ ਦੁਪਹਿਰ ਹੋਏ ਆਤਮਘਾਤੀ ਹਮਲੇ ਵਿਚ 44 ਜਵਾਨ ਸ਼ਹੀਦ ਅਤੇ 22 ਹੋਰ ਜ਼ਖਮੀ ਹੋ ਗਏ ਸਨ। ਸ੍ਰੀਨਗਰ ਤੋਂ ਲਗਭਗ 20 ਕਿਲੋਮੀਟਰ ਦੂਰ ਪੁਲਵਾਮਾ ਦੇ ਅਵੰਤੀਪੋਰਾ ਖੇਤਰ ਵਿਚ ਗੋਰੀਪੋਰਾ ਵਿਖੇ ਸੁਰੱਖਿਆ ਫੋਰਸਾਂ ਦੇ ਇਕ ਕਾਫਿਲੇ ਨੂੰ ਨਿਸ਼ਾਨਾ ਬਣਾ ਕੇ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ 350 ਕਿਲੋ ਆਈ. ਈ. ਡੀ. ਨਾਲ ਦੁਪਹਿਰ 3.20 ਵਜੇ ਇਹ ਫਿਦਾਈਨ ਹਮਲਾ ਕੀਤਾ ਸੀ। ਇਸ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਇੰਟਰਨੈੱਟ ਸੇਵਾ ਕੁਝ ਸਮੇਂ ਬੰਦ ਕਰ ਦਿੱਤੀ ਗਈ ਹੈ।


Gurminder Singh

Content Editor

Related News