ਕੈਪਟਨ ਕੋਲ ਪੁੱਜੀ ''ਨਵਜੋਤ ਸਿੱਧੂ'' ਦੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ
Saturday, Apr 18, 2020 - 03:12 PM (IST)
ਚੰਡੀਗੜ੍ਹ : ਪੰਜਾਬ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਗੰਭੀਰ ਦੋਸ਼ ਲੱਗੇ ਹਨ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਐੱਚ. ਸੀ. ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੱਧੂ ਦੀ ਸ਼ਿਕਾਇਤ ਕੀਤੀ ਹੈ। ਅਰੋੜਾ ਨੇ ਕਿਹਾ ਕਿ ਨਵਜੋਤ ਸਿੱਧੂ ਦੀਆਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ 'ਚ ਉਹ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਬਾਵਜੂਦ ਜਨਤਕ ਥਾਵਾਂ 'ਤੇ ਬਿਨਾ ਮਾਸਕ ਲਾਏ, ਬਿਨਾ ਦਸਤਾਨੇ ਪਾਏ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਹੋਏ ਰਾਸ਼ਨ ਵੰਡਦੇ ਦਿਖਾਈ ਦਿੰਦੇ ਹਨ। ਸੀਨੀਅਰ ਐਡਵੋਕੇਟ ਅਰੋੜਾ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਇਹ ਕਦਮ ਪੰਜਾਬ ਸਰਕਾਰ ਦੇ ਹੁਕਮ ਦੀ ਉਲੰਘਣਾ ਹੈ। ਇਸ ਲਈ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਕੋਰੋਨਾ ਕਰਕੇ ਮਰੇ ਹਰਭਜਨ ਸਿੰਘ ਦੀ ਪਤਨੀ ਨੇ ਜਿੱਤੀ ਕੋਰੋਨਾ 'ਤੇ ਜੰਗ
ਅਸਲ 'ਚ ਨਵਜੋਤ ਸਿੰਘ ਸਿੱਧੂ ਨੇ ਤਰਨਤਾਰਨ ਦੇ ਸਰਕਾਰੀ ਹਸਪਤਾਲ ’ਚ ਡਾਕਟਰਾਂ ਨੂੰ ਸੈਨੀਟਾਈਜ਼ਰ, ਮਾਸਕ ਅਤੇ ਪੀ. ਪੀ. ਈ. ਕਿੱਟਾਂ ਵੰਡ ਕੇ ਵਿਸਾਖੀ ਮਨਾਈ ਸੀ। ਕੁਝ ਦਿਨ ਪਹਿਲਾਂ ਤਰਨਤਾਰਨ ਦੇ ਸਰਕਾਰੀ ਹਸਪਤਾਲ ਦੇ ਮੈਡੀਕਲ ਸਟਾਫ਼ ਅਤੇ 108 ਐਂਬੂਲੈਂਸ ਦੇ ਕਰਮਚਾਰੀਆਂ ਕੋਲ ਸੁਰੱਖਿਆ ਉਪਕਰਣ ਤੇ ਮਾਸਕ ਨਾ ਹੋਣ ਦੀ ਖ਼ਬਰ ਆਈ ਸੀ, ਜਿਸ ਤੋਂ ਬਾਅਦ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਹਸਪਤਾਲ ਜਾ ਕੇ ਮੈਡੀਕਲ ਸਟਾਫ਼ ਨੂੰ ਸੈਨੇਟਾਈਜ਼ਰ, ਮਾਸਕ ਤੇ ਪੀ. ਪੀ. ਈ. ਕਿੱਟਾਂ ਵੰਡੀਆਂ ਸਨ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅੰਦਾਜ਼ ’ਚ ਡਾਕਟਰਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਸੀ ਕਿ ਇਸ ਸੰਕਟ ’ਚ ਡਾਕਟਰ ਦੇਸ਼ ਦੀਆਂ ਸਰਹੱਦਾਂ 'ਤੇ ਰਾਖੀ ਕਰ ਰਹੇ ਫ਼ੌਜੀਆਂ ਵਾਂਗ ਕੋਰੋਨਾ ਖਿਲਾਫ ਜੰਗ ਲੜ ਰਹੇ ਹਨ। ਉਨ੍ਹਾਂ ਡਾਕਟਰਾਂ ਨੂੰ ਭਰੋਸਾ ਦੁਆਇਆ ਸੀ ਕਿ ਉਹ ਹਰ ਵੇਲੇ ਉਨ੍ਹਾਂ ਦੇ ਨਾਲ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕੋਹਰਾਮ, ਪੀੜਤਾਂ ਦੀ ਗਿਣਤੀ 215 ਹੋਈ, ਜਾਣੋ ਤਾਜ਼ਾ ਹਾਲਾਤ
ਇਸ ਤੋਂ ਬਾਅਦ ਉਹ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਬਿਨਾ ਹੀ ਉੱਥੋਂ ਚਲੇ ਗਏ। ਦੱਸ ਦੇਈਏ ਕਿ ਸਿੱਧੂ ਨੇ ਪਿਛਲੇ ਲੰਬੇ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਜਕੜਿਆ ਹੋਇਆ ਹੈ। ਮੋਦੀ ਸਰਕਾਰ ਨੇ ਜਾਨਲੇਵਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਪੱਧਰੀ ਲਾਕ ਡਾਊਨ ਕਰ ਰੱਖਿਆ ਹੈ। ਦੇਸ਼ ਭਰ ’ਚ ਸੋਸ਼ਲ ਡਿਸਟੈਂਸਿੰਗ ਸਮੇਤ ਬਚਾਅ ਦੇ ਸਾਰੇ ਰਾਹ ਅਪਣਾਏ ਜਾ ਰਹੇ ਹਨ ਅਤੇ ਕਿਸੇ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਇਸ ਦੇ ਬਾਵਜੂਦ ਭਾਰਤ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ 'ਚ ਜੇਕਰ ਕੋਈ ਆਗੂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦਾ ਹੈ ਅਤੇ ਬਿਨਾ ਮਾਸਕ ਪਾਏ ਜਨਤਕ ਥਾਵਾਂ 'ਤੇ ਜਾਂਦਾ ਹੈ ਤਾਂ ਸਵਾਲ ਉੱਠਣੇ ਲਾਜ਼ਮੀਂ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ਦਰਮਿਆਨ ਪੰਜਾਬ ਦੀ ਇੰਡਸਟਰੀ ਲਈ ਆਈ ਚੰਗੀ ਖਬਰ