ਹਾਦਸੇ ''ਚ ਜ਼ਖਮੀ ਹੋਏ ਫੌਜੀ ਨੂੰ ਦੇਖ ਨਵਜੋਤ ਸਿੱਧੂ ਨੇ ਰੁਕਵਾਇਆ ਕਾਫਲਾ, ਪਹੁੰਚਾਇਆ ਹਸਪਤਾਲ (ਤਸਵੀਰਾਂ)

10/27/2017 7:53:59 PM

ਫਿਰੋਜ਼ਪੁਰ (ਕੁਮਾਰ, ਮਨਦੀਪ) : ਫਿਰੋਜ਼ਪੁਰ ਛਾਉਣੀ 'ਚ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਨੇੜੇ ਸ਼ੁੱਕਰਵਾਰ ਨੂੰ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇਖਿਆ ਕਿ ਸੜਕ 'ਤੇ ਡਿੱਗ ਕੇ ਜ਼ਖਮੀ ਹੋਏ ਇਕ ਮੋਟਰਸਾਈਕਲ ਚਾਲਕ ਫੌਜੀ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਰ 'ਚੋਂ ਨਿਕਲ ਕੇ ਆਪ ਚੁੱਕ ਰਹੇ ਹਨ। ਨਵਜੋਤ ਸਿੱਧੂ ਨੇ ਹਾਦਸੇ 'ਚ ਜ਼ਖਮੀ ਹੋਏ ਰਾਜੇਸ਼ ਖੁਰਾਣਾ ਨੂੰ ਦੇਖਿਆ ਅਤੇ ਆਪਣਾ ਕਾਫਲਾ ਰੁਕਵਾ ਕੇ ਜੇ.ਈ ਪੀ.ਬਡਲਯੂ.ਡੀ. ਫਿਰੋਜ਼ਪੁਰ ਨਰਿੰਦਰ ਕੱਕੜ ਅਤੇ ਟਰੈਫਿਕ ਇੰਚਾਰਜ ਕੁਲਦੀਪ ਸ਼ਰਮਾ ਆਦਿ ਦੀ ਮਦਦ ਨਾਲ ਹਾਦਸੇ 'ਚ ਜ਼ਖਮੀ ਹੋਏ ਫੌਜੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਪਹੁੰਚਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਅਬੋਹਰ ਵਿਖੇ ਇਕ ਸਮਾਗਮ 'ਚ ਹਿੱਸਾ ਲੈਣ ਲਈ ਫਿਰੋਜ਼ਪੁਰ ਤੋਂ ਜਦੋਂ ਨਿਕਲ ਰਹੇ ਸਨ ਤਾਂ ਉਨ੍ਹਾਂ ਨੇ ਸੜਕ 'ਤੇ ਡਿੱਗੇ ਇਕ ਮੋਟਰਸਾਈਕਲ ਸਵਾਰ ਨੂੰ ਦੇਖਿਆ ਅਤੇ ਉਨ੍ਹਾਂ ਨੇ ਆਪਣੇ ਕਾਫਲੇ ਨੂੰ ਰੁਕਣ ਲਈ ਕਿਹਾ। ਇਸ ਦੌਰਾਨ ਸਿੱਧੂ ਨੇ ਫੋਨ ਕਰਕੇ ਟ੍ਰੈਫਿਕ ਕਰਮਚਾਰੀਆਂ ਨੂੰ ਮੌਕੇ 'ਤੇ ਬੁਲਾਇਆ ਅਤੇ ਫੌਜੀ ਨੂੰ ਕਾਰ ਵਿਚ ਬਿਠਾ ਕੇ ਹਸਪਤਾਲ ਭੇਜਿਆ।
ਸਿੱਧੂ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਵਰਜਦੇ ਹੋਏ ਕਿਹਾ ਕਿ ਇਕ ਵਿਅਕਤੀ ਸੜਕ 'ਤੇ ਜ਼ਖਮੀ ਪਿਆ ਹੈ ਅਤੇ ਤੁਸੀਂ ਉਸ ਨੂੰ ਬਿਨਾਂ ਦੇਖੇ ਅੱਗੇ ਨਿਕਲ ਰਹੇ ਹੋ। ਸਿੱਧੂ ਨੇ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਹਾਦਸੇ ਵਿਚ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਵੇ।


Related News