ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਨਵਜੋਤ ਸਿੱਧੂ ਨੂੰ ਫੂਲਕਾ ਨੇ ਵਿਖਾਇਆ ਸ਼ੀਸ਼ਾ

Monday, Apr 19, 2021 - 06:26 PM (IST)

ਚੰਡੀਗੜ੍ਹ : ਬੇਅਦਬੀ ਗੋਲ਼ੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਰੱਦ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਵੱਡੇ ਦੋਸ਼ ਲਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਹੁਣ ਨਵਜੋਤ ਸਿੱਧੂ ਨੂੰ ਪੱਤਰ ਲਿਖ ਕੇ ਤਿੱਖੀ ਨਸੀਹਤ ਦਿੱਤੀ ਹੈ। ਫੂਲਕਾ ਨੇ ਸਿੱਧੂ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ‘ਹੁਣ ਗਰਜਣ ਦਾ ਨਹੀਂ ਸਗੋਂ ਵਰ੍ਹਨ ਦਾ ਸਮਾਂ ਹੈ’। ਦੋ ਪੰਨਿਆਂ ਦੇ ਇਸ ਲੰਮੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਇਸ ਮਾਮਲੇ ਨੂੰ ਜਿਸ ਥਾਂ ’ਤੇ ਛੱਡਿਆ ਸੀ, ਇਹ ਅੱਜ ਵੀ ਉਥੇ ਹੀ ਖੜ੍ਹਾ ਹੈ। ਅੱਜ ਵੀ ਇਸ ਮਾਮਲੇ ਵਿਚ ਕੁਝ ਨਹੀਂ ਹੋਇਆ ਅਤੇ ਕਿਸੇ ਦੋਸ਼ੀ ਖ਼ਿਲਾਫ਼ ਕਾਰਵਾਈ ਨਹੀਂ ਹੋਈ। ਉਨ੍ਹਾਂ ਸਿੱਧੂ ਨੂੰ ਆਖਿਆ ਕਿ ਉਹ ਆਪਣੀ ਕਾਂਗਰਸ ਸਰਕਾਰ ਕੋਲੋਂ ਇਸ ਮਾਮਲੇ ਵਿਚ ਜਵਾਬ ਮੰਗਣ। ਇਸ ਮਾਮਲੇ ਵਿਚ ਸਿਰਫ ਜਵਾਬਦੇਹੀ ਹੀ ਨਹੀਂ ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਗੇ ਹੋ ਕੇ ਕੰਮ ਕਰਨ।

ਇਹ ਵੀ ਪੜ੍ਹੋ : ਫਰੀਦਕੋਟ ’ਚ ਫੈਲੀ ਦਹਿਸ਼ਤ, ਦਰੱਖਤ ਨਾਲ ਲਟਕਦੀ ਮਿਲੀ ਪੁਲਸ ਮੁਲਾਜ਼ਮ ਦੀ ਲਾਸ਼

PunjabKesari

ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਸਭ ਤੋਂ ਪਹਿਲਾਂ ਸਰਕਾਰ ਕੋਲੋਂ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਜਾਵੇ, ਜਿਸ ਵਿਚ ਸਰਕਾਰ ਕੋਲੋਂ ਜਵਾਬ ਮੰਗਿਆ ਜਾਵੇ ਕਿ ਜਿਸ ਕੰਮ ਲਈ ਤਿੰਨ ਮਹੀਨੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ, ਉਹ ਢਾਈ ਸਾਲ ਬੀਤਣ ਮਗਰੋਂ ਵੀ ਪੂਰਾ ਕਿਉਂ ਨਹੀਂ ਹੋਇਆ। ਵਿਸ਼ੇਸ਼ ਜਾਂਚ ਟੀਮ ਦੇ ਜਿਨ੍ਹਾਂ ਮੈਂਬਰਾਂ ਨੇ ਇਸ ਕੰਮ ਵਿਚ ਅੜਿੱਕੇ ਖੜ੍ਹੇ ਕੀਤੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਜਾਂਚ ਚੀਫ ਵਿਜੀਲੈਂਸ ਕਮਿਸ਼ਨਰ ਕੋਲੋਂ ਕਰਾਈ ਜਾਵੇ। ਇਸ ਮਾਮਲੇ ’ਚ ਭਵਿੱਖ ਵਿਚ ਸਰਕਾਰ ਦੀ ਕਾਨੂੰਨੀ ਟੀਮ ’ਤੇ ਨਿਰਭਰ ਨਾ ਰਿਹਾ ਜਾਵੇ ਅਤੇ ਕਿਸੇ ਸੁਲਝੇ ਹੋਏ ਸੇਵਾਮੁਕਤ ਜੱਜ ਦੀ ਸਲਾਹ ਲੈ ਕੇ ਚੱਲਿਆ ਜਾਵੇ। ਇਸ ਮਾਮਲੇ ਵਿਚ ਉਨ੍ਹਾਂ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਰਣਜੀਤ ਸਿੰਘ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਦੀ ਨਿਗਰਾਨੀ ਹੇਠ ਕਾਨੂੰਨੀ ਟੀਮ ਕੰਮ ਕਰੇ ਅਤੇ ਕੇਸ ਦੀ ਪੂਰੀ ਪੜਤਾਲ ਵੀ ਉਨ੍ਹਾਂ ਦੀ ਸਲਾਹ ਨਾਲ ਕੀਤੀ ਜਾਵੇ।

ਇਹ ਵੀ ਪੜ੍ਹੋ : ਐੱਸ. ਆਈ. ਟੀ. ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰਨ ਵਾਲਿਆਂ ਨੂੰ ਕੁੰਵਰ ਵਿਜੇ ਪ੍ਰਤਾਪ ਦਾ ਤਿੱਖਾ ਜਵਾਬ

PunjabKesari

ਪੱਤਰ ਵਿਚ ਫੂਲਕਾ ਨੇ ਸਿੱਧੂ ਨੂੰ ਆਖਿਆ ਕਿ ਅਗਸਤ 2018 ਵਿਚ ਇਹ ਕਿਹਾ ਸੀ ਕਿ ਇਸ ਮਾਮਲੇ ਨੂੰ ਦੇਖ ਕੇ ਉਸ ਨੂੰ ਨੀਂਦ ਨਹੀਂ ਆਉਂਦੀ ਹੈ ਪਰ ਅੱਜ ਢਾਈ ਸਾਲ ਬੀਤ ਚੁੱਕੇ ਹਨ ਅਤੇ ਉਹ ਸੁੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕੀ ਹੁਣ ਨੀਂਦ ਵਧੇਰੇ ਖਰਾਬ ਨਹੀਂ ਹੋਣੀ ਚਾਹੀਦੀ ਸੀ। ਉੁਨ੍ਹਾਂ ਸਿੱਧੂ ਨੂੰ ਯਾਦ ਦਿਵਾਇਆ ਕਿ ਜਦੋਂ ਅਗਸਤ 2018 ਵਿਚ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ’ਤੇ ਬਹਿਸ ਹੋਈ ਸੀ ਤਾਂ ਉਸ ਵੇਲੇ ਦੋਵਾਂ ਆਗੂਆਂ ਵਿਚ ਜੋ ਗੱਲਾਂ ਹੋਈਆਂ ਸੀ, ਉਨ੍ਹਾਂ ਦੀ ਅੱਜ ਸਮੀਖਿਆ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਐੱਸ. ਆਈ. ਟੀ. ਮਾਮਲੇ ’ਤੇ ਨਵਜੋਤ ਸਿੱਧੂ ਦਾ ਵੱਡਾ ਧਮਾਕਾ, ਆਪਣੀ ਹੀ ਸਰਕਾਰ ’ਤੇ ਚੁੱਕੇ ਸਵਾਲ

PunjabKesari

ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਉਨ੍ਹਾਂ ਵਿਧਾਨ ਸਭਾ ਵਿਚ ਪਾਸ ਕੀਤੇ ਮਤਿਆਂ ਨੂੰ ਅਧੂਰਾ ਆਖਿਆ ਸੀ ਅਤੇ ਅੱਜ ਇਹ ਗੱਲ ਸਾਬਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ’ਤੇ ਉਨ੍ਹਾਂ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ। ਫੂਲਕਾ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਸਿੱਧੂ ਆਪਣੀ ਸਰਕਾਰ ਖ਼ਿਲਾਫ਼ ਵੀ ਖੜ੍ਹੇ ਹੋਣ ਦੀ ਹਿੰਮਤ ਰੱਖਦਾ ਹੈ, ਇਸ ਲਈ ਹੁਣ ਗਰਜਣ ਦਾ ਨਹੀਂ ਸਗੋਂ ਵਰ੍ਹਨ ਦਾ ਸਮਾਂ ਹੈ।

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦਾ ਇਕ ਹੋਰ ਵੱਡਾ ਧਮਾਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News