2000 ਕਰੋੜ ਰੁਪਏ ਦੀ ਲਾਗਤ ਨਾਲ ਬਦਲੇਗੀ ਅੰਮ੍ਰਿਤਸਰ ਦੀ ਨੁਹਾਰ : ਸਿੱਧੂ

03/03/2019 7:04:19 PM

ਅੰਮ੍ਰਿਤਸਰ (ਵਾਲੀਆ) : ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਐਤਵਾਰ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ ਲਗਭਗ 2 ਹਜ਼ਾਰ ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ, ਇਸ ਵਿਚ 1300 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਸ਼ਹਿਰ ਨੂੰ ਪੀਣ ਲਈ ਸਾਫ-ਸੁਥਰੇ ਨਹਿਰੀ ਪਾਣੀ ਦੀ ਸਹੂਲਤ ਵੀ ਸ਼ਾਮਿਲ ਹੈ। ਸਿੱਧੂ ਵੱਲੋਂ ਇਸ ਮੌਕੇ ਸ਼ਹਿਰ ਵਿਚ 34 ਕਰੋੜ ਰੁਪਏ ਦੀ ਲਾਗਤ ਨਾਲ ਐੱਲ. ਈ. ਡੀ. ਲੀÂਟਾਂ, ਸਰਕਾਰੀ ਦਫਤਰਾਂ 'ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਸੂਰਜੀ ਊਰਜਾ ਪਲਾਂਟ, 168 ਕਰੋੜ ਰੁਪਏ ਦੀ ਲਾਗਤ ਨਾਲ ਜਨਤਕ ਟਰਾਂਸਪੋਰੇਸ਼ਨ ਲਈ ਈ-ਵਾਹਨ ਸਿਸਟਮ ਸ਼ਾਮਿਲ ਹੈ, ਦੀ ਸ਼ੁਰੂਆਤ ਕੀਤੀ। ਕਾਰਪਰੋਸ਼ਨ ਦਫਤਰ ਵਿਚ ਜਨਤਾ ਦੇ ਚੁਣੇ ਹੋਏ ਨੁੰਮਾਇਦਿਆਂ ਲਈ ਖੋਲੇ ਗਏ ਨਵੇਂ ਦਫਤਰ ਦੀ ਸ਼ੁਰੂਆਤ ਕਰਨ ਉਪਰੰਤ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਗੁਰੂ ਨਗਰੀ ਨੂੰ ਉੱਚ ਦਰਜੇ ਦਾ ਸ਼ਹਿਰ ਬਨਾਉਣ ਅਤੇ ਇਥੇ ਆਉਣ ਵਾਲੇ ਹਰ ਸੈਲਾਨੀ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। 
ਸਿੱਧੂ ਨੇ ਕਿਹਾ ਕਿ ਜਨਤਕ ਟਰਾਂਸਪੋਰਟ ਲਈ ਬੀ. ਆਰ. ਟੀ. ਐੱਸ . ਪ੍ਰਾਜੈਕਟ ਤਹਿਤ 30 ਇਲੈਕਟਰੋਨਿਕ ਬੱਸਾਂ ਅਤੇ 9 ਹਜ਼ਾਰ ਇਲੈਕਟ੍ਰਿਕ ਥ੍ਰੀ ਵਹੀਲਰ ਨਾਲ ਪੂਰੇ ਸ਼ਹਿਰ ਨੂੰ ਜੋੜਿਆ ਜਾਵੇਗਾ ਤਾਂ ਜੋ ਹਵਾ ਦੀ ਗੁਣਤਾ ਵਿਚ ਸੁਧਾਰ ਲਿਆਂਦਾ ਜਾ ਸਕੇ। ਸਿੱਧੂ ਨੇ ਦੱਸਿਆ ਕਿ ਪੂਰੇ ਸ਼ਹਿਰ ਵਿਚ 62 ਹਜ਼ਾਰ ਤੋ ਵੱਧ ਐੱਲ. ਈ. ਡੀ. ਲਾਈਟਾਂ ਲਗਾਈਆਂ ਜਾਣਗੀਆਂ, ਜਿਸ ਨਾਲ ਬਿਜਲੀ ਦੀ ਬੱਚਤ ਹੋਵੇਗੀ। ਸਿੱਧੂ ਨੇ ਅੰਮ੍ਰਿਤਸਰ ਸ਼ਹਿਰ ਦੀ ਆਵਾਜਾਈ ਵਿਵਸਥਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਸੁਧਾਰਨ ਲਈ 5 ਮਈ ਨੂੰ ਨਵੇ ਚਾਰ ਪੁਲਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਯੂ. ਬੀ. ਡੀ. ਸੀ. ਦਾ ਸਾਫ ਪਾਣੀ ਸ਼ਹਿਰਵਾਸੀਆਂ ਨੂੰ ਮੁਹੱਈਆ ਕਰਵਾਉਣ ਲਈ 1300 ਕਰੋੜ ਰੁਪਏ ਦੇ ਪ੍ਰਾਜੈਕਟ ਵੀ ਸ਼ੁਰੂ ਕੀਤੇ ਜਾ ਰਹੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਨਗਰ ਨਿਗਮ ਦੀ ਮੀਟਿੰਗ ਹਾਲ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 42 ਲਾਭਪਾਤਰੀਆਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਵੀ ਵੰਡੇ। 
ਸਿੱਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1068 ਲੋਕਾਂ ਦੇ ਕੇਸਾਂ ਨੂੰ ਵੈਰੀਫਾਈ ਕੀਤਾ ਗਿਆ ਹੈ ਜਿਸ ਅਧੀਨ ਸਰਕਾਰ ਵਲੋ ਇੰਨਾਂ ਨੂੰ 3.42 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਬੈਂਕ ਖਾਤਿਆਂ ਵਿਚ ਪਾਈ ਜਾਵੇਗੀ। ਇਸ ਤੋਂ ਇਲਾਵਾ ਇਸਦੇ ਤੀਸਰੇ ਗੇੜ ਦਾ ਸਰਵੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਹੋਰ ਵੀ ਲਾਭਪਾਤਰੀਆਂ ਨੂੰ ਇਹ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇਗੀ। ਇਸ ਮੌਕੇ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ, ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਟ, ਡਾ. ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤ ਸਾਰੇ ਵਿਧਾਇਕ, ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ, ਰਮਨ ਬਖਸੀ ਸੀਨੀਅਰ ਡਿਪਟੀ ਮੇਅਰ, ਯੂਨਿਸ ਕੁਮਾਰ ਡਿਪਟੀ ਮੇਅਰ, ਸ਼੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ, ਸ਼੍ਰੀਮਤੀ ਕੋਮਲ ਮਿੱਤਲ, ਨਿਤਿਸ਼ ਸਿੰਗਲਾ ਜੁਇੰਟ ਕਮਿਸ਼ਨਰ ਨਗਰ ਨਿਗਮ ਤੋਂ ਇਲਾਵਾ ਕੌਂਸਲਰ ਵੀ ਹਾਜ਼ਰ ਸਨ।


Gurminder Singh

Content Editor

Related News