ਨਵਜੋਤ ਸਿੱਧੂ ਦੀ ਪੰਜਾਬ ਸਰਕਾਰ ਨੂੰ ਅਪੀਲ, ਕਿਹਾ- ਕੁੰਵਰ ਵਿਜੇ ਪ੍ਰਤਾਪ ਨੂੰ ਦਿਓ ਇਹ ਜ਼ਿੰਮੇਵਾਰੀ
Wednesday, May 18, 2022 - 04:56 PM (IST)
ਅੰਮ੍ਰਿਤਸਰ (ਬਿਊਰੋ) - ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦੇ ਹੋਏ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ ਕਿ ਸੁਰੱਖਿਆ ਪੱਖੋਂ ਸੂਬੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਇਕ ਕਾਬਲ ਅਤੇ ਸਾਬਕਾ ਆਈ. ਪੀ. ਐੱਸ ਅਫ਼ਸਰ ਨੂੰ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਦੇ ਰਹੀ। ਉਨ੍ਹਾਂ ਪੰਜਾਬ ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵੀਟ ਵਿੱਚ ਟੈਗ ਕਰਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ।
ਨਵਜੋਤ ਕੌਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਪਰਾਧ ਸਾਰੀਆਂ ਹੱਦਾਂ ਪਾਰ ਕਰਦਾ ਜਾ ਰਿਹਾ ਹੈ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਕਾਬਲ ਅਤੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਵਜੋਂ ਕਿਉਂ ਤਾਇਨਾਤ ਨਹੀਂ ਕੀਤਾ ਜਾ ਰਿਹਾ ਹੈ। ਮੈਨੂੰ ਯਾਦ ਹੈ ਜਦੋਂ ਉਹ ਅੰਮ੍ਰਿਤਸਰ ਵਿੱਚ ਸੀ, ਉਦੋਂ ਕਿਸੇ ਨੇ ਕੋਈ ਜੁਰਮ ਕਰਨ ਦੀ ਹਿੰਮਤ ਨਹੀਂ ਕੀਤੀ। ਜੁਰਮ ਕਰਨ ਵਾਲੇ ਘੰਟਿਆਂ ਵਿੱਚ ਫੜੇ ਜਾਂਦੇ ਅਤੇ ਸਜ਼ਾ ਮਿਲ ਜਾਂਦੀ। ਨਾਲ ਹੀ ਕਿਸੇ ਵੀ.ਆਈ.ਪੀ. ਨੇ ਉਸਨੂੰ ਗਲਤ ਕੰਮ ਕਰਨ ਲਈ ਬੁਲਾਉਣ ਦੀ ਹਿੰਮਤ ਵੀ ਨਹੀਂ ਕੀਤੀ। ਉਨ੍ਹਾਂ ਦੇ ਆਉਣ ਨਾਲ ਗੈਂਗਸਟਰ ਗਾਇਬ ਹੋ ਗਏ ਅਤੇ ਲੁੱਟ ਖੋਹ ਕਰਨ ਵਾਲੇ ਅਤੇ ਚੋਰ ਵਿਖਾਈ ਨਹੀਂ ਦਿੰਦੇ ਸਨ।