ਨੈਸ਼ਨਲ ਵੈਕਸੀਨੇਸ਼ਨ ਦਿਹਾੜਾ : ‘ਦਿਖਾਓ ਸਮਝਦਾਰੀ, ਕੋਰੋਨਾ ਦਾ ਟੀਕਾ ਲਗਵਾਓ, ਜਦੋਂ ਆਏ ਤੁਹਾਡੀ ਵਾਰੀ’
Tuesday, Mar 16, 2021 - 01:42 PM (IST)
ਕੋਰੋਨਾ ਵਾਇਰਸ ਦਾ ਕਹਿਰ ਮੁੜ ਫੇਰ ਦਿਖਾਈ ਦੇਣ ਲੱਗਾ ਹੈ। ਕੋਰੋਨਾ ਮਾਮਲਿਆਂ ਦੀ ਵੱਧ ਰਹੀ ਰਫ਼ਤਾਰ ਚਿੰਤਾਂ ਦਾ ਵਿਸ਼ਾ ਹੈ। ਇਸ ਲਈ ਲਾਪਰਵਾਹੀ ਨਾ ਵਰਤਦੇ ਹੋਏ ਅੱਜ ਵੀ ਹਦਾਇਤਾਂ ਦੀ ਪਾਲਣਾ ਕਰਨ ਦਾ ਸੁਨੇਹਾ ਹਰ ਪਾਸੇ ਗੂੰਝਦਾ ਸੁਣਾਈ ਦੇ ਰਿਹਾ ਹੈ। ਕੋਵਿਡ-19 ਦੇ ਮੁੜ ਪਰਤਣ ਦੀ ਖ਼ਬਰ ਨੇ ਚਾਰਚੁਫੇਰੇ ਇੱਕ ਵਾਰ ਫਿਰ ਸਨਸਨੀ ਫੈਲਾ ਦਿੱਤੀ ਹੈ ਅਤੇ ਲੋਕਾਂ ਨੂੰ ਤਾਲਾਬੰਦੀ ਬਾਰੇ ਸੋਚ ਕੇ ਘਬਰਾਹਟ ਹੋਣ ਲੱਗ ਪਈ ਹੈ। ਭਾਰਤ ਵਿੱਚ 16 ਜਨਵਰੀ ਨੂੰ ਕੋਰੋਨਾ ਲਾਗ ਦੇ ਖ਼ਿਲਾਫ਼ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਮਾਹਿਰਾਂ ਵੱਲੋਂ ਕੋਰੋਨਾ ਟੀਕਾਕਰਨ ਲਈ ਕਮੇਟੀਆਂ ਦਾ ਗਠਨ, ਸਟਾਫ਼ ਦੀ ਸਿਖਲਾਈ, ਟੀਕਾਕਰਨ ਸੈਂਟਰਾਂ ਦੀ ਸਥਾਪਨਾ, ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਅਤੇ ਵੈਕਸੀਨ ਸਪਲਾਈ ਤੇ ਸੰਭਾਲ ਸਬੰਧੀ ਜੰਗੀ ਪੱਧਰ ’ਤੇ ਸੇਵਾਵਾਂ ਜਾਰੀ ਹਨ।
ਭਾਰਤ ਦੀ ਕੋਰੋਨਾ ਵੈਕਸੀਨੇਸ਼ਨ ਮੁਹਿੰਮ
ਦੁਨੀਆਂ ਭਰ ਦੀ ਨਜ਼ਰ ਭਾਰਤ ਦੀ ਕੋਰੋਨਾ ਵੈਕਸੀਨੇਸ਼ਨ ਮੁਹਿੰਮ ’ਤੇ ਹੈ। ਮਾਹਿਰਾਂ ਅਨੁਸਾਰ ਕੋਰੋਨਾ ਟੀਕਾਕਰਨ ਬੇਹਤਰ ਮਨੁੱਖੀ ਪ੍ਰਤੀਰੋਧਤਾ ਨੂੰ ਵਧਾਉਣ ਅਤੇ ਬੀਮਾਰੀ ਫੈਲਣ ਤੋਂ ਰੋਕਣ ਵਿੱਚ ਸਮਰੱਥ ਹੈ। ਵਿਸ਼ਵ ਭਰ ਦੇ ਵਿਗਿਆਨੀਆਂ ਨੇ ਕੋਵਿਡ-19 ਦੀ ਸੁਰੱਖਿਅਤ ਅਤੇ ਅਸਰਦਾਰ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ‘ਚ ਅਹਿਮ ਯੋਗਦਾਨ ਪਾਇਆ ਹੈ। ਆਮ ਲੋਕਾਂ ਵਿੱਚ ਇਸ ਨਵੀਂ ਕੋਵਿਡ ਵੈਕਸੀਨ ਨੂੰ ਲੈ ਕੇ ਡਰ ਤੇ ਸਹਿਮ ਦਾ ਮਾਹੌਲ ਹੈ ਪਰ ਜੇ ਮਾਹਿਰਾਂ ਦੀ ਸੁਣੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਅਜਮਾਇਸ਼ਾਂ, ਸ਼ਰਤਾਂ ਅਤੇ ਕਸੋਟੀਆਂ ਤੇ ਖਰੀ ਉਤਰਣ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ। ਕੋਵਿਡ-19 ਦਾ ਟੀਕਾ ਪਹਿਲੇ ਪੜਾਅ ਅਧੀਨ ਸਿਹਤ ਕਾਮਿਆਂ ਨੂੰ ਲਗਾਇਆ ਗਿਆ। ਦੂਸਰੇ ਪੜਾਅ ਵਿੱਚ ਫਰੰਟਲਾਈਨ ਵਰਕਰਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਅਤੇ ਹੁਣ 60 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀਆਂ ਤੇ 45 ਸਾਲ ਤੋਂ ਉਪਰ ਤੇ 60 ਸਾਲ ਤੋਂ ਹੇਠਾਂ, ਕਿਸੇ ਬੀਮਾਰੀ ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੈਂਸਰ, ਸਾਹ ਦੀ ਤਕਲੀਫ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਵਿਅਕਤੀਆਂ ਦਾ ਕੋਰੋਨਾ ਟੀਕਾਕਰਨ ਨਹੀਂ ਕੀਤਾ ਜਾ ਰਿਹਾ।