ਨੈਸ਼ਨਲ ਹਾਈਵੇਅ ''ਤੇ ਪਲਟੀ ਬੇਕਾਬੂ ਹੋਈ ਗੰਨੇ ਨਾਲ ਲੱਦੀ ਟਰੈਕਟਰ-ਟਰਾਲੀ, ਲੱਗਾ ਜਾਮ

12/10/2019 12:32:31 PM

ਜਲੰਧਰ (ਬਿਊਰੋ) - ਜਲੰਧਰ ਨੈਸ਼ਨਲ ਹਾਈਵੇਅ 'ਤੇ ਪੈਂਦੇ ਚੁਗਿੱਟੀ ਫਲਾਈਓਵਰ 'ਤੇ ਗੰਨੇ ਨਾਲ ਲੱਦੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੇ ਬੇਕਾਬੂ ਹੋ ਕੇ ਪਲਟ ਜਾਣ ਦੀ ਸੂਚਨਾ ਮਿਲੀ ਹੈ। ਟਰਾਲੀ ਪਲਟ ਜਾਣ ਕਾਰਨ ਉਸ ’ਤੇ ਲੱਦਿਆ ਸਾਰਾ ਗੰਨਾ ਹਾਈਵੇਅ 'ਤੇ ਖਿਲਰ ਗਿਆ, ਜਿਸ ਕਾਰਨ ਹਾਈਵੇਅ ’ਤੇ ਪੰਜ ਘੰਟੇ ਤੱਕ ਲੰਬਾ ਜਾਮ ਲੱਗਾ ਰਿਹਾ। ਘਟਨਾ ਸਥਾਨ ’ਤੇ ਪੁਲਸ ਦੇ ਆਉਣ ਤੋਂ ਪਹਿਲਾਂ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ, ਜੋ ਕੁਝ ਸਮੇਂ ਬਾਅਦ ਵਾਪਸ ਆ ਗਿਆ। ਹਾਈਵੇਅ ’ਤੇ ਪੁੱਜੀ ਟ੍ਰੈਫਿਕ ਪੁਲਸ ਨੇ ਕਰੇਨ ਦੀ ਮਦਦ ਨਾਲ ਗੰਨੇ ਨੂੰ ਸਾਇਡ ਕਰਵਾ ਕੇ ਵਾਹਨਾਂ ਦੇ ਨਿਕਲਣ ਲਈ ਰਾਹ ਬਣਾਇਆ। ਸੜਕ ਨੂੰ ਪੂਰੀ ਤਰ੍ਹਾਂ ਪੱਧਰਾ ਕਰਨ 'ਚ ਪੁਲਸ ਨੂੰ ਕਰੀਬ ਪੰਜ ਘੰਟੇ ਦਾ ਸਮਾਂ ਲੱਗਾ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 

PunjabKesari

ਦੱਸ ਦੇਈਏ ਕਿ ਸੜਕ ’ਤੇ ਜਾਮ ਲੱਗਣ ਕਾਰਨ ਚੁਗਿੱਟੀ ਚੌਕ-ਗੁਰੂ ਨਾਨਕਪੁਰਾ ਰੋਡ, ਲੰਮਾ ਪਿੰਡ ਚੌਕ-ਕਿਸ਼ਨਪੁਰਾ ਰੋਡ, ਪਠਾਨਕੋਟ ਚੌਕ-ਦੋਆਬਾ ਚੌਕ ਰੋਡ ਤੇ ਰੇਲਵੇ ਰੋਡ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਕਰੇਨ ਅਤੇ ਟ੍ਰੈਫਿਕ ਮੁਲਾਜ਼ਮਾਂ ਨੇ ਸ਼ਾਮ 4 ਕੁ ਵਜੇ ਦੇ ਕਰੀਬ ਸਾਰਾ ਰਾਹ ਸਾਫ ਕਰ ਦਿੱਤਾ, ਜਿਸ ਮਗਰੋਂ ਹਾਈਵੇਅ ’ਤੇ ਟ੍ਰੈਫਿਕ ਫਿਰ ਤੋਂ ਬਹਾਲ ਹੋ ਗਿਆ। 


rajwinder kaur

Content Editor

Related News