ਕਈ ਘੁੰਮਣ-ਘੇਰੀਆਂ ''ਚ ਉਲਝਿਆ ਪਿਐ ਪਰਾਲੀ ਦੀ ਅੱਗ ਰੋਕਣ ਦਾ ਮਾਮਲਾ
Monday, Oct 30, 2017 - 01:34 PM (IST)
ਗੁਰਦਾਸਪੁਰ (ਹਰਮਨਪ੍ਰੀਤ ਸਿੰਘ)-ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੇ ਬਾਵਜੂਦ ਅਨੇਕਾਂ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਦੀਆਂ ਅਪੀਲਾਂ-ਦਲੀਲਾਂ ਨੂੰ ਦਰਕਿਨਾਰ ਕਰਦੇ ਹੋਏ ਖੇਤਾਂ 'ਚ ਸ਼ਰੇਆਮ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ। ਦੂਜੇ ਪਾਸੇ ਸਬੰਧਿਤ ਪ੍ਰ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਵਿਚ ਇੰਨੇ ਬੇਵੱਸ ਨਜ਼ਰ ਆ ਰਹੇ ਹਨ ਕਿ ਇਕ ਪਾਸੇ ਗਰੀਨ ਟ੍ਰਿਬਿਊਨਲ ਦੀਆਂ ਸਪੱਸ਼ਟ ਹਦਾਇਤਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਜਦੋਂ ਉਹ ਪਿੰਡਾਂ 'ਚ ਜਾਂਦੇ ਹਨ ਤਾਂ ਕਿਸਾਨ ਯੂਨੀਅਨਾਂ ਉਨ੍ਹਾਂ ਕੋਲੋਂ ਇਹ ਜਵਾਬ ਮੰਗ ਰਹੀਆਂ ਹਨ ਕਿ ਕਿਸਾਨਾਂ ਨੂੰ ਜੁਰਮਾਨੇ ਕਰਨ ਤੋਂ ਪਹਿਲਾਂ ਇਹ ਦੱਸਿਆ ਜਾਵੇ ਕਿ ਅੱਗ ਨਾ ਲਾਉਣ ਕਾਰਨ ਕਿਸਾਨਾਂ ਦੇ ਹੋਣ ਵਾਲੇ ਆਰਥਕ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੇ ਕੀ ਕੀਤਾ ਹੈ?
ਗੁਰਦਾਸਪੁਰ ਜ਼ਿਲੇ 'ਚ ਕਾਰਵਾਈ ਲਈ 44 ਟੀਮਾਂ ਬਣਾਈਆਂ ਗਈਆਂ
ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਸਖ਼ਤ ਤਾੜਨਾ ਕੀਤੇ ਜਾਣ ਕਾਰਨ ਪੰਜਾਬ 'ਚ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਖੇਤੀਬਾੜੀ ਵਿਭਾਗ ਪੱਬਾਂ ਭਾਰ ਹੋਇਆ ਪਿਆ ਹੈ ਤਾਂ ਜੋ ਖੇਤਾਂ 'ਚ ਲੱਗਣ ਵਾਲੀ ਅੱਗ ਨੂੰ ਰੋਕਿਆ ਜਾ ਸਕੇ। ਇਕੱਲੇ ਗੁਰਦਾਸਪੁਰ 'ਚ 44 ਦੇ ਕਰੀਬ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮਾਲ ਵਿਭਾਗ ਅਤੇ ਪੁਲਸ ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਟੇਲਾਈਟ ਸਿਸਟਮ ਰਾਹੀਂ ਅੱਗ ਲੱਗਣ ਵਾਲੇ ਖੇਤਾਂ ਦਾ ਪਤਾ ਲਾ ਕੇ ਇਨ੍ਹਾਂ ਟੀਮਾਂ ਨੂੰ ਨੈਵੀਗੇਸ਼ਨ ਸਿਸਟਮ ਨਾਲ ਬਕਾਇਦਾ ਖੇਤਾਂ ਦੀ ਲੋਕੇਸ਼ਨ ਦੱਸ ਕੇ ਕਾਰਵਾਈ ਲਈ ਆਦੇਸ਼ ਦਿੱਤੇ ਜਾਂਦੇ ਹਨ। ਦਿੱਲੀ ਅਤੇ ਚੰਡੀਗੜ੍ਹ ਬੈਠੇ ਅਧਿਕਾਰੀ ਲਗਾਤਾਰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਹਾਸਲ ਕਰਦੇ ਹਨ, ਜਿਸ ਕਾਰਨ ਖੇਤ ਦੀ ਲੋਕੇਸ਼ਨ ਦਾ ਪਤਾ ਲੱਗਣ ਉਪਰੰਤ ਟੀਮ ਨੂੰ ਤੁਰੰਤ ਐਕਸ਼ਨ ਕਰਨਾ ਪੈਂਦਾ ਹੈ।
ਅੱਗ ਲਾਉਣ ਲਈ ਮਜਬੂਰ ਹੋਏ ਕਿਸਾਨ
ਬਹੁਤ ਸਾਰੇ ਕਿਸਾਨ ਅਜੇ ਵੀ ਖੇਤਾਂ 'ਚ ਇਹ ਕਹਿ ਕੇ ਅੱਗ ਲਾ ਰਹੇ ਹਨ ਕਿ ਸਰਕਾਰ ਨੇ ਗਰੀਨ ਟ੍ਰਿਬਿਊਨਲ ਦੇ ਉਨ੍ਹਾਂ ਆਦੇਸ਼ਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ, ਜਿਨ੍ਹਾਂ ਵਿਚ ਕਿਸਾਨਾਂ ਦੇ ਵਾਧੂ ਖ਼ਰਚੇ ਦੀ ਭਰਪਾਈ ਲਈ ਮੁਆਵਜ਼ਾ ਦੇਣ ਦੀ ਗੱਲ ਆਖੀ ਗਈ ਹੈ। ਕਿਸਾਨ ਇਹ ਕਹਿ ਰਹੇ ਹਨ ਕਿ ਜਿੰਨੀ ਦੇਰ ਸਰਕਾਰ ਉਨ੍ਹਾਂ ਨੂੰ ਪਰਾਲੀ ਸੰਭਾਲਣ ਤੇ ਇਸ ਨੂੰ ਖ਼ਤਮ ਕਰਨ ਲਈ ਆਉਣ ਵਾਲੇ ਖ਼ਰਚ ਦੀ ਭਰਪਾਈ ਲਈ 5 ਤੋਂ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਨਹੀਂ ਦਿੰਦੀ, ਓਨੀ ਦੇਰ ਖੇਤਾਂ 'ਚ ਅੱਗ ਲਾਉਣ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ। ਇਸ ਕਾਰਨ ਅਜਿਹੇ ਕਿਸਾਨ ਉਨ੍ਹਾਂ ਨੂੰ ਜੁਰਮਾਨਾ ਕਰਨ ਗਈਆਂ ਟੀਮਾਂ ਨਾਲ ਟਕਰਾਅ ਦੀ ਨੀਤੀ ਅਪਣਾਉਣ ਤੋਂ ਵੀ ਝਿਜਕ ਮਹਿਸੂਸ ਨਹੀਂ ਕਰਦੇ।
ਸਰਕਾਰੀ ਟੀਮਾਂ ਕੁੜਿੱਕੀ 'ਚ ਫਸੀਆਂ
ਸਰਕਾਰ ਵੱਲੋਂ ਗਠਿਤ ਟੀਮਾਂ ਦੇ ਮੈਂਬਰ ਇਸ ਮਾਮਲੇ ਨੂੰ ਲੈ ਕੇ ਕੁੜਿੱਕੀ 'ਚ ਫਸੇ ਹੋਏ ਹਨ ਕਿਉਂਕਿ ਇਕ ਪਾਸੇ ਉੱਚ ਅਧਿਕਾਰੀ ਉਨ੍ਹਾਂ ਨੂੰ ਅੱਗ ਵਾਲੇ ਖੇਤਾਂ ਦਾ ਦੌਰਾ ਕਰ ਕੇ ਜੁਰਮਾਨੇ ਕਰਨ ਦੇ ਨਿਰਦੇਸ਼ ਦੇ ਰਹੇ ਹਨ ਅਤੇ ਦੂਜੇ ਪਾਸੇ ਖੇਤਾਂ 'ਚ ਜਾਣ ਮੌਕੇ ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਇਸ ਮਾਮਲੇ 'ਚ ਸਾਰਾ ਦਾਰੋਮਦਾਰ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ 'ਤੇ ਸੁੱਟਿਆ ਗਿਆ ਹੈ, ਜੋ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਜੇਕਰ ਉਹ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਦੇ ਹਨ ਤਾਂ ਭਵਿੱਖ 'ਚ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਸੇਵਾਵਾਂ ਦੌਰਾਨ ਮੁਸ਼ਕਲ ਪੇਸ਼ ਆਉਣੀ ਸੁਭਾਵਿਕ ਹੈ। ਖੇਤੀਬਾੜੀ ਵਿਭਾਗ ਨੇ ਇਹ ਵੀ ਫ਼ੈਸਲਾ ਕੀਤਾ ਸੀ ਕਿ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਦੇ ਲਾਭਾਂ ਤੋਂ ਵਾਂਝਾ ਰੱਖਿਆ ਜਾਵੇ, ਜਦਕਿ ਹੁਣ ਅੱਗ ਲਾਉਣ ਵਾਲੇ ਅਨੇਕਾਂ ਕਿਸਾਨ ਉਹੀ ਹਨ, ਜੋ ਹੋਰ ਕੰਮਾਂ 'ਚ ਵਿਭਾਗ ਨੂੰ ਪੂਰਾ ਸਹਿਯੋਗ ਦਿੰਦੇ ਹਨ।
ਰਾਜਸੀ ਆਗੂਆਂ ਦਾ ਦੋਗਲਾਪਣ
ਝੋਨੇ ਦੀ ਕਟਾਈ ਤੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਇਕ ਬਿਆਨ ਨੂੰ ਕਿਸਾਨਾਂ ਵੱਲੋਂ ਆਪਣੀ ਢਾਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਦਾਲਤਾਂ ਵੱਲੋਂ ਕੁਝ ਮਾਮਲਿਆਂ ਦੀ ਸੁਣਵਾਈ ਦੌਰਾਨ ਸਰਕਾਰ ਕੋਲੋਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਸਬੰਧੀ ਪੁੱਛੇ ਸਵਾਲ ਦੀ ਆੜ ਹੇਠ ਵੀ ਕਿਸਾਨ ਖੇਤਾਂ 'ਚ ਅੱਗ ਲਾ ਰਹੇ ਹਨ। ਕਈ ਪਿੰਡਾਂ 'ਚ ਸਥਿਤੀ ਇਥੋਂ ਤੱਕ ਪਹੁੰਚ ਚੁੱਕੀ ਹੈ ਸੱਤਾਧਾਰੀ ਧਿਰ ਨਾਲ ਸਬੰਧਿਤ ਕਾਂਗਰਸੀ ਆਗੂ ਅਤੇ ਚੰਗਾ ਅਸਰ ਰੱਖਣ ਵਾਲੇ ਨੁਮਾਇੰਦੇ ਜੁਰਮਾਨਾ ਕਰਨ ਗਈਆਂ ਟੀਮਾਂ ਦੇ ਮੁਖੀਆਂ ਨੂੰ ਕਿਸਾਨਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦੀਆਂ ਜ਼ੁਬਾਨੀ ਹਦਾਇਤਾਂ ਦੇ ਰਹੇ ਹਨ, ਜਦਕਿ ਜਨਤਕ ਤੌਰ 'ਤੇ ਉਨ੍ਹਾਂ ਵੱਲੋਂ ਇਸ ਮਾਮਲੇ 'ਚ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਜਾ ਰਿਹਾ।
ਅੱਗ ਨਾ ਲਾ ਕੇ ਬਚਾਈ 35 ਫ਼ੀਸਦੀ ਖਾਦ
ਗੁਰਦਾਸਪੁਰ ਦੇ ਨੇੜਲੇ ਪਿੰਡ ਸੱਦਾ ਦੇ ਵਸਨੀਕ ਕਰਤਾਰ ਸਿੰਘ ਨੇ ਕਰੀਬ 10 ਏਕੜ ਰਕਬੇ 'ਚ ਪਰਮਲ ਦੀ ਕਟਾਈ ਕਰਨ ਉਪਰੰਤ ਅੱਗ ਲਾਏ ਬਗੈਰ ਹੀ ਖੇਤ ਤਿਆਰ ਕੀਤੇ ਹਨ। ਕਰਤਾਰ ਸਿੰਘ ਨੇ ਦੱਸਿਆ ਕਿ ਕੰਬਾਈਨ ਦੀ ਕਟਾਈ ਉਪਰੰਤ ਪਹਿਲਾਂ ਚੌਪਰ ਚਲਾਇਆ ਅਤੇ ਕੁੱਝ ਦਿਨ ਬਾਅਦ ਹਲਾਂ ਨਾਲ ਸਾਰੀ ਰਹਿੰਦ-ਖੂੰਹਦ ਖੇਤਾਂ 'ਚ ਦੱਬ ਦਿੱਤੀ। ਫਿਰ ਸੁਹਾਗਾ ਫੇਰਨ ਉਪਰੰਤ ਉਸ ਨੇ ਤਵੀਆਂ ਚਲਾ ਕੇ ਖੇਤ ਤਿਆਰ ਕੀਤਾ ਹੈ। ਇਹ ਤਜਰਬਾ ਉਸ ਨੇ ਕਣਕ ਦੀ ਕਟਾਈ ਉਪਰੰਤ ਵੀ ਕੀਤਾ ਸੀ, ਜਿਸ ਦੌਰਾਨ ਲਾਏ ਗਏ ਝੋਨੇ ਵਿਚ 35 ਫ਼ੀਸਦੀ ਖਾਦ ਦੀ ਬੱਚਤ ਹੋਈ। ਹੁਣ ਵੀ ਉਸ ਦਾ ਖੇਤ ਅੱਗ ਲਾਏ ਬਗੈਰ ਬਹੁਤ ਵਧੀਆ ਤਿਆਰ ਹੋਇਆ ਹੈ।
ਕੰਮ ਥੋੜ੍ਹਾ ਮੁਸ਼ਕਲ ਪਰ ਅਸੰਭਵ ਨਹੀਂ : ਸਾਹਿਬ ਸਿੰਘ
ਪਿੰਡ ਚੱਕ ਅਰਾਈਆਂ ਦੇ ਕਿਸਾਨ ਸਾਹਿਬ ਸਿੰਘ ਪੁੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਨੇ 8 ਏਕੜ ਰਕਬੇ 'ਚ ਝੋਨੇ ਦੀ ਕਟਾਈ ਐੱਸ. ਐੱਮ. ਐੱਸ. ਸਿਸਟਮ ਵਾਲੀ ਕੰਬਾਈਨ ਨਾਲ ਕਰਵਾਈ ਸੀ, ਜਿਸ ਉਪਰੰਤ ਉਸ ਨੇ ਤਵੀਆਂ ਨਾਲ ਖੇਤ ਵਾਹ ਦਿੱਤਾ ਅਤੇ ਪਾਣੀ ਲਾਉਣ ਉਪਰੰਤ ਵੱਤਰ ਆਉਣ 'ਤੇ ਫਿਰ ਤਵੀਆਂ ਨਾਲ ਖੇਤ ਤਿਆਰ ਕੀਤਾ। ਉਸ ਨੇ ਕਿਹਾ ਕਿ ਕੁਝ ਮਿਹਨਤ ਜ਼ਰੂਰ ਕਰਨੀ ਪਈ ਪਰ ਖੇਤ ਵਧੀਆ ਤਿਆਰ ਹੋ ਗਿਆ।
