ਕੌਮੀ ਖੇਡਾਂ : ਪੰਜਾਬ ਨੇ ਮੁੱਕੇਬਾਜ਼ੀ ''ਚ ਜਿੱਤੇ 1 ਸੋਨ, 2 ਚਾਂਦੀ ਤੇ 3 ਕਾਂਸੀ ਦੇ ਤਮਗ਼ੇ
Wednesday, Oct 12, 2022 - 09:00 PM (IST)

ਚੰਡੀਗੜ੍ਹ (ਬਿਊਰੋ) : ਗੁਜਰਾਤ ਵਿਖੇ ਅੱਜ ਸੰਪੰਨ ਹੋਈਆਂ 36ਵੀਆਂ ਕੌਮੀ ਖੇਡਾਂ ਦੇ ਆਖ਼ੀਰਲੇ ਦਿਨ ਪੰਜਾਬ ਨੇ ਮੁੱਕੇਬਾਜ਼ੀ 'ਚ ਇਕ ਸੋਨ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ। ਪੰਜਾਬ ਨੇ ਕੌਮੀ ਖੇਡਾਂ 'ਚ ਕੁੱਲ੍ਹ 19 ਸੋਨੇ, 32 ਚਾਂਦੀ ਤੇ 25 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ੍ਹ 76 ਤਮਗੇ ਜਿੱਤੇ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਦਫ਼ਤਰਾਂ ’ਚ ਮੋਬਾਇਲ ਫੋਨ 'ਤੇ ਪਾਬੰਦੀ ਲਾਉਣ ਵਾਲੇ ਅਫ਼ਸਰਾਂ ’ਤੇ CM ਮਾਨ ਦਾ ਵੱਡਾ ਐਕਸ਼ਨ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਾਬਦ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਫ਼ੈਸਲੇ ਤਹਿਤ ਜਲਦ ਹੀ ਕੌਮੀ ਖੇਡਾਂ ਦੇ ਤਮਗ਼ਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਨਗਦ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਸਾਲ ਗੋਆ ਵਿਖੇ ਹੋਣ ਵਾਲੀਆਂ 37ਵੀਆਂ ਕੌਮੀ ਖੇਡਾਂ 'ਚ ਪੰਜਾਬ ਦੇ ਖਿਡਾਰੀ ਹੋਰ ਵੀ ਵਧੀਆ ਪ੍ਰਦਰਸ਼ਨ ਕਰਨਗੇ। ਅੱਜ ਮੁਕਾਬਲਿਆਂ ਦੇ ਆਖ਼ੀਰਲੇ ਦਿਨ ਮੁੱਕੇਬਾਜ਼ੀ 'ਚ ਸਿਮਰਨਜੀਤ ਕੌਰ ਨੇ ਸੋਨੇ, ਮਨਦੀਪ ਕੌਰ ਤੇ ਵਿਜੇ ਕੁਮਾਰ ਨੇ ਚਾਂਦੀ ਅਤੇ ਸਪਰਸ਼ ਕੁਮਾਰ, ਕੋਮਲਪ੍ਰੀਤ ਕੌਰ ਤੇ ਕੰਵਰਪ੍ਰੀਤ ਸਿੰਘ ਨੇ ਕਾਂਸੀ ਦੇ ਤਮਗ਼ੇ ਜਿੱਤੇ।