ਸੈਨਿਕ ਸਕੂਲ ਦੇ 18 ਵਿਦਿਆਰਥੀਆਂ ਦੀ ਐੱਨ. ਡੀ. ਏ. ''ਚ ਹੋਈ ਚੋਣ, ਕਪੂਰਥਲਾ ਸਮੇਤ ਪੂਰੇ ਪੰਜਾਬ ਦਾ ਨਾਂ ਕੀਤਾ ਰੌਸ਼ਨ

Saturday, Jul 22, 2017 - 07:02 PM (IST)

ਸੈਨਿਕ ਸਕੂਲ ਦੇ 18 ਵਿਦਿਆਰਥੀਆਂ ਦੀ ਐੱਨ. ਡੀ. ਏ. ''ਚ ਹੋਈ ਚੋਣ, ਕਪੂਰਥਲਾ ਸਮੇਤ ਪੂਰੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਕਪੂਰਥਲਾ— ਦੇਸ਼ ਨੂੰ ਸਰਜੀਕਲ ਸਟ੍ਰਾਈਕ ਦੇ ਹੀਰੋ ਡੀ. ਜੀ. ਐੱਮ. ਰਣਬੀਰ ਸਿੰਘ ਵਰਗੇ ਦਰਜਨਾਂ ਅਫਸਰ ਦੇਣ ਵਾਲੇ ਸੈਨਿਕ ਸਕੂਲ ਕਪੂਰਥਲਾ ਦੇ 18 ਵਿਦਿਆਰਥੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ) ਪੁਣੇ ਲਈ ਚੋਣ ਕੀਤੇ ਗਏ ਹਨ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ 'ਚ ਲਗਭਗ 5 ਲੱਖ ਵਿਦਿਆਰਥੀ ਬੈਠਣੇ ਹਨ, ਜਿਨ੍ਹਾਂ 'ਚ 300 ਵਿਦਿਆਰਥੀਆਂ ਦੀ ਐੱਨ .ਡੀ. ਏ. ਲਈ ਚੋਣ ਹੋਵੇਗੀ। ਸੈਨਿਕ ਸਕੂਲ ਕਪੂਰਥਲਾ ਦੇ 18 ਵਿਦਿਆਰਥੀਆਂ ਦੀ ਚੋਣ ਸਿਰਫ ਸੈਨਿਕ ਸਕੂਲ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ। ਸੈਨਿਕ ਸਕੂਲ ਕਪੂਰਥਲਾ ਪੰਜਾਬ ਦਾ ਇਕੋਂ ਅਜਿਹਾ ਸਕੂਲ ਹੈ, ਜਿਸ ਨੇ ਦੇਸ਼ ਨੂੰ ਸਭ ਤੋਂ ਵੱਧ ਫੌਜੀ ਅਧਿਕਾਰੀ ਦਿੱਤੇ ਹਨ। ਪਾਕਿਸਤਾਨ 'ਚ ਦਾਖਲ ਹੋ ਕੇ ਸਰਜੀਕਲ ਸਟ੍ਰਾਈਕ ਨੂੰ ਅੰਜਾਮ ਦੇਣ ਵਾਲੇ ਡੀ. ਜੀ. ਐੱਮ. ਲੈਫਟੀਨੈਂਟ ਜਨਰਲ ਰਣਬੀਰ ਸਿੰਘ ਵੀ ਇਸੇ ਸਕੂਲ 'ਚ ਪੜ੍ਹੇ ਹਨ। 
ਸੈਨਿਕ ਸਕੂਲ ਦੇ ਰਜਿਸਟ੍ਰਾਰ ਦਿਲਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਵਾਰ ਐੱਨ. ਡੀ. ਏ. ਦੀ ਪ੍ਰੀਖਿਆ 'ਚ ਸਕੂਲ ਦਾ ਨਤੀਜਾ ਵਧੀਆ ਰਿਹਾ ਹੈ। ਹੁਣ ਚੁਣੇ ਗਏ ਵਿਦਿਆਰਥੀ ਇੰਟਰਵਿਊ ਤੋਂ ਬਾਅਦ ਟ੍ਰੇਨਿੰਗ ਲਈ ਰਵਾਨਾ ਹੋਣਗੇ। ਇਸ ਤੋਂ ਬਾਅਦ ਇਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। 
ਚੁਣੇ ਗਏ ਵਿਦਿਆਰਥੀਆਂ 'ਚ ਅਭਿਨਵ ਸ਼ੁਕਲਾ, ਰੁਪਿੰਦਰਪਾਲ ਸਿੰਘ, ਕਨਦਰਪ ਪਾਂਡੇ, ਰੋਹਿਤ ਤੇਜਾ, ਦਿਨੇਸ਼ ਜੱਗੀ, ਸੌਰਭ ਕੁਮਾਰ, ਕ੍ਰਿਸ਼ਨ ਕੁਮਾਰ ਲਾਲ, ਅਮਨ ਰਾਜ, ਸਨਮਜੀਤ ਸਿੰਘ, ਰਿਤਿਕਾ ਦੀਕਸ਼ਿਤ, ਅਮੋਲਕ ਸਿੰਘ ਸੰਧੂ, ਜਤਿੰਦਰਪ੍ਰੀਤ ਸਿੰਘ, ਮਨੀਸ਼ ਕੁਮਾਰ, ਅਮਨ ਸਿੰਘ, ਕ੍ਰਿਸ਼ਨ ਕੁਮਾਰ, ਅਮਿਜੋਤ ਸਿੰਘ ਬੱਗਾ ਅਤੇ ਸੁਧਾਂਸ਼ੁ ਰਝਨ ਸ਼ਾਮਲ ਹਨ। 
ਇਹ ਹਸਤੀਆਂ ਪੜ੍ਹ ਚੁੱਕੀਆਂ ਹਨ ਇਥੇ 
ਕੈਂਸਰ ਦੇ ਇਲਾਜ ਦੀ ਦਿਸ਼ਾ 'ਚ ਮਹਤੱਵਪੂਰਨ ਕੰਮ ਕਰਨ ਵਾਲੇ ਡਾ. ਰਾਜੀਵ ਖੰਨਾ, ਚੀਫ ਆਫ ਆਰਮੀ ਸਟਾਫ ਵੈਸਟ ਕਮਾਂਡ ਲੈਫਟੀਨੈਂਟ ਜਨਰਲ ਆਈ. ਐੱਸ. ਘੁੰਮਣ, ਲੈਫਟੀਨੈਂਟ ਜਨਰਲ ਐੱਸ. ਕੇ. ਸੈਣੀ ਕੌਰ ਕਮਾਂਡਰ, ਏਅਰ ਮਾਰਸ਼ਲ ਐੱਨ. ਜੇ. ਐੱਸ. ਢਿੱਲੋਂ, ਡੀ. ਆਈ. ਜੀ. ਡਾ. ਸੁਖਚੈਨ ਸਿੰਘ ਗਿੱਲ ਵਰਗੇ ਕਈ ਪੁਲਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਤੋਂ ਇਲਾਵਾ ਸੁਖਜੀਤ ਸਟਾਰਚ ਮਿਲ ਦੇ ਮਾਲਕ ਕੇ. ਕੇ.ਸਰਦਾਨਾ ਵਰਗੇ ਬਿਜ਼ਨੈੱਸਮੈਨ ਅਤੇ ਐੱਚ. ਐੱਸ. ਮੱਤੇਵਾਲ ਦੇ ਪੱਧਰ ਦੇ ਐਡਵੋਕੇਟ ਜਨਰਲ ਨੇ ਸੈਨਿਕ ਸਕੂਲ ਤੋਂ ਸਿੱਖਿਆ ਹਾਸਲ ਕੀਤੀ ਹੈ।


Related News