ਗਣਤੰਤਰ ਦਿਵਸ 'ਤੇ ਅੱਤਵਾਦੀ ਹਮਲੇ ਦਾ ਖਤਰਾ, ਹਾਈ ਅਲਰਟ ਜਾਰੀ

Thursday, Jan 25, 2018 - 02:48 PM (IST)

ਗਣਤੰਤਰ ਦਿਵਸ 'ਤੇ ਅੱਤਵਾਦੀ ਹਮਲੇ ਦਾ ਖਤਰਾ, ਹਾਈ ਅਲਰਟ ਜਾਰੀ

ਅੰਮ੍ਰਿਤਸਰ,  (ਸੰਜੀਵ)-  ਗਣਤੰਤਰ ਦਿਵਸ 'ਤੇ ਸੁਰੱਖਿਆ ਨੂੰ ਲੈ ਕੇ ਜਿਥੇ ਅੰਮ੍ਰਿਤਸਰ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਉਥੇ ਹੀ ਸ਼ਹਿਰ ਦੇ ਚੱਪੇ-ਚੱਪੇ 'ਤੇ ਬੈਰੀਕੇਡ ਲਾ ਕੇ ਨਾਕੇ ਲਾਏ ਗਏ ਹਨ। ਇਕ ਪਾਸੇ ਪੰਜਾਬ ਪੁਲਸ ਨੇ ਸੁਰੱਖਿਆ ਦੀ ਕਮਾਨ ਸਾਂਭੀ ਹੋਈ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਰਗਰਮੀ ਵਰਤ ਰਹੀਆਂ ਹਨ। ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਅੱਜ ਆਪ ਆਪਣੀ ਟੀਮ ਨਾਲ ਨਾਕਿਆਂ ਦੀ ਜਾਂਚ ਲਈ ਸੜਕਾਂ 'ਤੇ ਉਤਰੇ ਅਤੇ ਹਰ ਆਉਣ-ਜਾਣ ਵਾਲੇ ਵਾਹਨ ਦੀ ਜਾਂਚ ਦੇ ਨਾਲ-ਨਾਲ ਸ਼ੱਕੀ ਆਦਮੀਆਂ 'ਤੇ ਸਖਤ ਨਜ਼ਰ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਨਾਕਿਆਂ 'ਤੇ ਹੋ ਰਹੀ ਵਾਹਨਾਂ ਦੀ ਜਾਂਚ : ਅੱਜ ਸ਼ਹਿਰ 'ਚ ਲਾਏ ਗਏ ਸਪੈਸ਼ਲ ਨਾਕਿਆਂ 'ਤੇ ਹਰ ਆਉਣ-ਜਾਣ ਵਾਲੇ ਵਾਹਨ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਸੀ। ਪੁਲਸ ਗਣਤੰਤਰ ਦਿਵਸ 'ਤੇ ਕਿਸੇ ਤਰ੍ਹਾਂ ਦੀ ਵੀ ਨਾਪਸੰਦ ਘਟਨਾ ਨਾਲ ਪਹਿਲਾਂ ਹੀ ਉਸ 'ਤੇ ਕਾਬੂ ਪਾਉਣ ਲਈ ਪੁਖਤਾ ਇੰਤਜ਼ਾਮ ਕਰ ਚੁੱਕੀ ਹੈ। ਪੁਲਸ ਕਮਿਸ਼ਨਰ ਵੱਲੋਂ ਹਰ ਥਾਣਾ ਅਤੇ ਚੌਕੀ ਇੰਚਾਰਜ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਸਮਾਜ ਵਿਰੋਧੀ ਤੱਤ ਕਿਸੇ ਤਰ੍ਹਾਂ ਦੀ ਹਰਕਤ ਨਾ ਕਰ ਸਕੇ, ਇਸ ਦੇ ਲਈ ਪੁਲਸ ਵੱਲੋਂ ਸਰਗਰਮੀ ਵਰਤੀ ਜਾ ਰਹੀ ਹੈ।
ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨੂੰ ਲਿਆ ਸੁਰੱਖਿਆ ਘੇਰੇ 'ਚ : ਜ਼ਿਲਾ ਪੁਲਸ ਵੱਲੋਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨੂੰ ਪੂਰੀ ਤਰ੍ਹਾਂ ਸੁਰੱਖਿਆ ਘੇਰੇ ਵਿਚ ਲਿਆ ਗਿਆ ਹੈ, ਜਿਥੇ ਹਰ ਆਉਣ-ਜਾਣ ਵਾਲੇ ਯਾਤਰੀ 'ਤੇ ਨਜ਼ਰ ਰੱਖੀ ਜਾ ਰਹੀ ਹੈ, ਉਥੇ ਹੀ ਪੁਲਸ ਦੀਆਂ ਸਪੈਸ਼ਲ ਟੀਮਾਂ ਵੱਲੋਂ ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਧਾਰਮਿਕ ਅਸਥਾਨਾਂ ਦੇ ਨਾਲ-ਨਾਲ ਜਲਿਆਂਵਾਲਾ ਬਾਗ ਦੀ ਵੀ ਵਧਾਈ ਸੁਰੱਖਿਅ: ਗਣਤੰਤਰ ਦਿਵਸ ਸਬੰਧੀ ਹੋਣ ਵਾਲੇ ਸਮਾਰੋਹ ਸਬੰਧੀ ਸ਼ਹਿਰ ਦੇ ਸਾਰੇ ਧਾਰਮਿਕ ਅਸਥਾਨਾਂ ਤੇ ਜਲਿਆਂਵਾਲਾ ਬਾਗ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਦੇ ਮੇਨ ਦਰਵਾਜ਼ੇ 'ਤੇ ਸਪੈਸ਼ਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ, ਉਥੇ ਹੀ ਬਹੁਤ ਸਾਰੀ ਫੋਰਸ ਸਾਦਾ ਵਰਦੀ ਵਿਚ ਵੀ ਤਾਇਨਾਤ ਹੈ।
ਕੀ ਕਹਿਣਾ ਹੈ ਪੁਲਸ ਕਮਿਸ਼ਨਰ ਦਾ? : ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਸਬੰਧੀ ਸ਼ਹਿਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗੁਰੂ ਨਾਨਕ ਸਟੇਡੀਅਮ ਵਿਚ ਹੋਣ ਵਾਲੇ ਸਮਾਰੋਹ ਦੀ ਸੁਰੱਖਿਆ ਜਿਥੇ ਸਖਤ ਕੀਤੀ ਗਈ ਹੈ, ਉਥੇ ਹੀ ਸਟੇਡੀਅਮ ਨੂੰ ਜਾਣ ਵਾਲੇ ਦੋਵਾਂ ਗੇਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ।


Related News