ਮਾਛੀਵਾੜਾ ''ਚ ਆੜ੍ਹਤੀ ਵਲੋਂ ਕੀਤੀ ਖੁਦਕੁਸ਼ੀ ਮਾਮਲੇ ''ਚ ਨਵਾਂ ਮੋੜ

Friday, Jun 07, 2019 - 12:55 PM (IST)

ਮਾਛੀਵਾੜਾ ''ਚ ਆੜ੍ਹਤੀ ਵਲੋਂ ਕੀਤੀ ਖੁਦਕੁਸ਼ੀ ਮਾਮਲੇ ''ਚ ਨਵਾਂ ਮੋੜ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੇ ਆੜ੍ਹਤੀ ਨਰੇਸ਼ ਲੀਹਲ ਵਲੋਂ ਬੀਤੇ ਦਿਨੀਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਉਸ ਸਮੇਂ ਨਵਾਂ ਖੁਲਾਸਾ ਹੋਇਆ, ਜਦੋਂ ਪਰਿਵਾਰਕ ਮੈਂਬਰਾਂ ਨੂੰ ਘਰ 'ਚੋਂ ਹੀ ਉਸ ਵਲੋਂ ਲਿਖਿਆ ਹੋਇਆ ਸੁਸਾਇਡ ਨੋਟ ਮਿਲਿਆ। ਇਸ ਸੁਸਾਈਡ ਨੋਟ 'ਚ ਨਰੇਸ਼ ਨੇ ਆਪਣੀ ਬਰਬਾਦੀ ਦਾ ਕਾਰਨ ਆਪਣੇ ਵਪਾਰਕ ਭਾਈਵਾਲ ਸੁਖਵਿੰਦਰ ਸਿੰਘ ਗਿੱਲ ਨੂੰ ਠਹਿਰਾਇਆ ਹੈ।

PunjabKesari

ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਕੋਠੀ ਦੇ ਉਪਰਲੇ ਕਮਰੇ 'ਚ ਜਿੱਥੇ ਕੰਪਿਊਟਰ ਪਿਆ ਹੈ, ਨਰੇਸ਼ ਲੀਹਲ ਉੱਥੇ ਆਪਣਾ ਸਾਰਾ ਲਿਖਤ-ਪੜ੍ਹਤ ਦਾ ਕੰਮ ਕਰਦਾ ਸੀ। ਉਸ ਕਮਰੇ ਦੀ ਸਫ਼ਾਈ ਦੌਰਾਨ ਹੀ ਨਰੇਸ਼ ਕੁਮਾਰ ਲੀਹਲ ਵਲੋਂ ਮਰਨ ਤੋਂ ਪਹਿਲਾਂ ਲਿਖਿਆ ਹੱਥ ਲਿਖਤ ਨੋਟ ਮਿਲਿਆ, ਜਿਸ 'ਚ ਉਸ ਨੇ ਆਪਣੀ ਬਰਬਾਦੀ ਦਾ ਜ਼ਿੰਮੇਵਾਰ ਸੁਖਵਿੰਦਰ ਸਿੰਘ ਗਿੱਲ ਨੂੰ ਦੱਸਿਆ। ਸੁਸਾਈਡ ਨੋਟ 'ਚ ਨਰੇਸ਼ ਨੇ ਲਿਖਿਆ ਹੈ ਕਿ ਜੇਕਰ ਉਸ ਦਾ ਅਤੇ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਸੁਖਵਿੰਦਰ ਸਿੰਘ ਗਿੱਲ ਹੋਵੇਗਾ।

ਉਸ ਨੇ ਲਿਖਿਆ ਕਿ ਸੁਖਵਿੰਦਰ ਨੇ ਉਸ ਦਾ ਸਭ ਕੁੱਝ ਬਰਬਾਦ ਕਰ ਦਿੱਤਾ ਹੈ ਇੱਥੋਂ ਤੱਕ ਉਸ ਦਾ ਘਰ, ਜੋ ਕਰੋੜਾਂ ਰੁਪਏ ਦੀ ਪ੍ਰਾਪਰਟੀ ਸੀ, ਉਹ ਉਹ ਵਿਕਵਾ ਦਿੱਤਾ ਅਤੇ ਸਾਰਾ ਪੈਸਾ ਖਾ ਗਿਆ। ਨੋਟ 'ਚ ਨਰੇਸ਼ ਲੀਹਲ ਨੇ ਇਹ ਵੀ ਲਿਖਿਆ ਕਿ ਜਿਸ ਕੋਠੀ 'ਚ ਉਹ ਰਹਿ ਰਿਹਾ ਹੈ, ਉਸ ਉਪਰ ਲੱਖਾਂ ਰੁਪਏ ਬੈਂਕ ਦਾ ਕਰਜ਼ਾ ਹੈ, ਜੋ ਕਿ ਉਸ ਨੂੰ ਅਦਾ ਕਰਨ ਲਈ ਕਹਿ ਰਿਹਾ ਹੈ ਅਤੇ ਕਰਜ਼ਾ ਨਾ ਅਦਾ ਕਰਨ 'ਤੇ ਕੋਠੀ ਖਾਲੀ ਕਰਨ ਨੂੰ ਕਹਿ ਰਿਹਾ ਹੈ। ਫਿਲਹਾਲ ਪਰਿਵਾਰ ਵਲੋਂ ਇਹ ਸੁਸਾਈਡ ਨੋਟ ਪੁਲਸ ਨੂੰ ਦੇ ਦਿੱਤਾ ਗਿਆ ਹੈ।


author

Babita

Content Editor

Related News