ਖੇਤੀ ਦਾ ਰਵਾਇਤੀ ਚੱਕਰ ਤਿਆਗ ਕੇ ਕਿਸਾਨ ਫਸਲੀ ਵਿਭਿੰਨਤਾ ਅਪਨਾਉਣ : ਡਾ. ਨੀਰਜਾ

12/14/2016 6:30:12 PM

ਬਿਲਾਵਰ\ਜਲੰਧਰ (ਜੁਗਿੰਦਰ ਸੰਧੂ) —  ਰਵਾਇਤੀ ਫਸਲੀ ਚੱਕਰ ਕਾਰਨ ਜਿੱਥੇ ਕਿਸਾਨਾਂ ਦੀ ਆਮਦਨ ਘਟੀ ਹੈ, ਉਥੇ ਹੀ ਜ਼ਮੀਨ ਦੀ ਤਾਕਤ ਨੂੰ ਵੀ ਵੱਡਾ ਖੋਰਾ ਲੱਗਾ ਹੈ। ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ ਪਰ ਇਸ ਮਕਸਦ ਲਈ ਖੇਤੀ ਵਿਭਿੰਨਤਾ ਨੂੰ ਅਮਲੀ ਰੂਪ ਦਿੱਤਾ ਜਾਣਾ ਬੇਹੱਦ ਲੋੜੀਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਗਾ ਕਿਸਾਨ ਮੇਲੇ ਦੇ ਮੌਕੇ ''ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਖੇਤੀ ਮਾਹਰ ਡਾ. ਨੀਰਜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ, ਮੱਕੀ ਅਤੇ ਝੋਨੇ ਦੀ ਜਗ੍ਹਾ ''ਤੇ ਹੋਰ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਵਾਰ-ਵਾਰ ਇਨ੍ਹਾਂ ਫਸਲਾਂ ਦੀ ਬੀਜਾਈ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਰਬਾਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਬਜੀਆਂ, ਦਾਲਾਂ ਅਤੇ ਖੂੰਭਾਂ ਦੀ ਖੇਤੀ ਕਰਨ। ਇਸ ਨਾਲ ਉਹ ਚੰਗਾ ਪੈਸਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਮੱਛੀ ਪਾਲਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਲਈ ਕਿਸਾਨਾਂ ਨੂੰ ਇਸ ਖੇਤਰ ਵਿਚ ਵੀ ਯਤਨ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ ਕਿਸਾਨ ਹੋਰ ਸਹਾਇਕ ਧੰਦਿਆਂ ਵਜੋਂ ਭੇਡਾਂ, ਬੱਕਰੀਆਂ ਪਾਲਣ ਅਤੇ ਗਊਆਂ, ਮੱਝਾਂ ਪਾਲਣ ਦਾ ਕੰਮ ਕਰਕੇ ਵੀ ਆਪਣੀ ਵਾਧੂ ਆਮਦਨ ਦੇ ਵਸੀਲੇ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਥੋੜ੍ਹੀਆਂ ਜ਼ਮੀਨਾਂ ਹਨ ਉਨ੍ਹਾਂ ਨੂੰ ਹਰ ਹਾਲਤ ਵਿਚ ਸਹਾਇਕ ਧੰਦੇ ਅਪਨਾਉਣੇ ਚਾਹੀਦੇ ਹਨ। ਮੇਲੇ ਵਿਚ ਆਈਆਂ ਕਿਸਾਨ ਔਰਤਾਂ ਨੂੰ ਸੱਦਾ ਦਿੰਦਿਆਂ ਡਾ. ਨੀਰਜਾ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਬਹੁਤ ਥੋੜ੍ਹੀ ਜ਼ਮੀਨ ਹੈ ਜਾਂ ਬਿਲਕੁਲ ਨਹੀਂ ਹੈ ਉਨ੍ਹਾਂ ਨੂੰ ਵੀ ਆਪਣੇ ਘਰਾਂ ਵਿਚ ਸਬਜੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਘਰੇਲੂ ਔਰਤਾਂ ਮੁਰਗੀਆਂ ਵੀ ਪਾਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਘਰੇਲੂ ਸਬਜੀਆਂ ਵਿਚ ਗਊ ਦੇ ਗੋਬਰ ਜਾਂ ਗਊ ਮੂਤਰ ਨਾਲ ਚੰਗਾ ਉਤਪਾਦਨ ਲਿਆ ਜਾ ਸਕਦਾ ਹੈ। ਡਾ. ਨੀਰਜਾ ਨੇ ਇਸ਼ਾਰਾ ਕੀਤਾ ਕਿ ਖੇਤੀਬਾੜੀ ਦੇ ਨਜ਼ਰੀਏ ਤੋਂ ਭਵਿੱਖ ਦਾ ਸਮਾਂ ਜੈਵਿਕ ਖੇਤੀ ਨੂੰ ਅਪਨਾਉਣ ਦਾ ਸਮਾਂ ਹੈ ਤਾਂ ਹੀ ਅਸੀਂ ਜ਼ਮੀਨ ਦੀ ਸਿਹਤ ਅਤੇ ਆਪਣੀ ਸਿਹਤ ਦੀ ਸੰਭਾਲ ਕਰ ਸਕਦੇ ਹੋ।
ਮਿੱਟੀ ਦੀ ਜਾਂਚ ਲਈ ਕਾਰਡ ਬਣਾਏ ਜਾਣ
ਖੇਤੀ ਵਿਗਿਆਨੀ ਡਾ. ਹਰਸ਼ਵਰਧਨ ਨੇ ਇਸ ਮੌਕੇ ''ਤੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਜਾਂਚ ਲਈ ''ਸਾਇਲ ਕਾਰਡ'' (ਮਿੱਟੀ ਦੀ ਜਾਂਚ ਵਾਲੇ ਕਾਰਡ) ਜ਼ਰੂਰ ਬਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਮਿੱਟੀ ਦੀ ਜਾਂਚ ਨਹੀਂ ਹੋਵੇਗੀ ਉਦੋਂ ਤਕ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਉਸ ਵਿਚ ਕਿਹੜੀ ਫਸਲ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਫਸਲ ਨੂੰ ਪਾਲਣ ਲਈ ਕਿਸ ਕਿਸਮ ਦੀ ਖਾਦ ਕਿੰਨੀ ਮਾਤਰਾ ਵਿਚ ਪਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੀ ਜਾਂਚ ਨਾਲ ਹੀ ਕਿਸਾਨ ਫਸਲਾਂ ਦਾ ਭਰਪੂਰ ਉਤਪਾਦਨ ਲੈ ਸਕਦੇ ਹਨ। ਡਾ. ਹਰਸ਼ਵਰਧਨ ਨੇ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਹੋਰ ਸਹਾਇਕ ਧੰਦਿਆਂ ਦੇ ਨਾਲ-ਨਾਲ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਵੀ ਅਪਣਾ ਸਕਦੇ ਹਨ। ਇਸ ਸੰਬੰਧ ਵਿਚ ਸਰਕਾਰ ਵਲੋਂ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਸਬਸਿਡੀ ਵੀ।
ਇਸ ਮੌਕੇ ''ਤੇ ਡੋਗਰੀ ਗੀਤਾਂ ਦਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਕਿਸਾਨਾਂ ਦੇ ਵਿਸ਼ੇ ਨਾਲ ਸੰਬੰਧਤ ਕੁਝ ਕਵਿਤਾਵਾਂ ਵੀ ਪੜ੍ਹੀਆਂ ਗਈਆਂ। ਇਸ ਮੌਕੇ ''ਤੇ ਖੇਤੀਬਾੜੀ ਨਾਲ ਸੰਬੰਧਤ ਦੋ ਦਰਜਨ ਦੇ ਕਰੀਬ ਸਟਾਲ ਵੀ ਲਗਾਏ ਗਏ ਜਿਨ੍ਹਾਂ ਤੋਂ ਕਿਸਾਨਾਂ ਨੇ ਭਰਪੂਰ ਜਾਣਕਾਰੀ ਹਾਸਲ ਕੀਤੀ।


Gurminder Singh

Content Editor

Related News