ਇਹ ਕਿਹੋ ਜਿਹਾ ਸਵੱਛ ਭਾਰਤ?

04/25/2018 6:24:47 AM

ਮੰਡੀ 'ਚ ਕੰਮ ਕਰਦੀ ਲੇਬਰ ਜੰਗਲ-ਪਾਣੀ ਲਈ ਜਾਂਦੀ ਹੈ ਸਕੂਲ ਵੱਲ
ਕਾਠਗੜ੍ਹ(ਰਾਜੇਸ਼)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਗੰਦਗੀ ਤੋਂ ਮੁਕਤ ਕਰਨ ਲਈ ਆਰੰਭੀ ਮੁਹਿੰਮ ਸਵੱਛ ਭਾਰਤ ਨੂੰ ਉਦੋਂ ਪ੍ਰਸ਼ਨ ਚਿੰਨ੍ਹ ਲੱਗਦਾ ਨਜ਼ਰ ਆਉਂਦਾ ਹੈ ਜਦੋਂ ਕਿਧਰੇ ਗੰਦਗੀ ਦੀ ਬਹੁਤਾਤ ਜਾਂ ਲੋਕਾਂ ਨੂੰ ਖੁੱਲ੍ਹੇ 'ਚ ਜੰਗਲ-ਪਾਣੀ ਜਾਂਦੇ ਦੇਖਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਜੋ ਲੇਬਰ ਕਾਠਗੜ੍ਹ ਦੀ ਦਾਣਾ ਮੰਡੀ 'ਚ ਆਈ ਹੋਈ ਹੈ ਉਹ ਪਖਾਨਾ ਕਰਨ ਲਈ ਸਵੇਰ ਸਮੇਂ ਲਾਈਨ ਬੰਨ੍ਹ ਨਜ਼ਦੀਕੀ ਡੀ.ਏ.ਵੀ. ਸਕੂਲ ਦੇ ਖੇਡ ਮੈਦਾਨ ਵੱਲ ਚੱਲ ਪੈਂਦੀ ਹੈ। ਜਿਸ ਨਾਲ ਸਕੂਲ ਦੇ ਨਜ਼ਦੀਕ ਗੰਦਗੀ ਫੈਲਦੀ ਹੈ ਉਥੇ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਸ਼ਾਇਦ ਇਸ ਬਾਰੇ ਮੰਡੀ ਦੇ ਮੁਲਾਜ਼ਮਾਂ ਜਾਂ ਅਧਿਕਾਰੀਆਂ ਨੂੰ ਖਬਰ ਹੀ ਨਹੀਂ ਪਰ ਜਦੋਂ ਸਵੇਰ ਸਮੇਂ 'ਜਗ ਬਾਣੀ' ਦੀ ਟੀਮ ਨੇ ਉਕਤ ਜਾ ਰਹੀ ਲੇਬਰ ਦੀ ਫੋਟੋ ਲਈ ਤਾਂ ਉਨ੍ਹਾਂ ਕਿਹਾ ਕਿ 'ਬਾਬੂ ਜੀ ਹਮ ਕਹਾਂ ਜਾਏਂ'? ਬੜੇ ਦੁੱਖ ਦੀ ਗੱਲ ਹੈ ਕਿ ਜਿਸ ਵਿੱਦਿਆ ਦੇ ਮੰਦਰ ਤੋਂ ਬੱਚਿਆਂ ਨੇ ਸਿੱਖਿਆ ਪ੍ਰਾਪਤ ਕਰ ਕੇ ਦੇਸ਼ ਦਾ ਭਵਿੱਖ ਸੰਵਾਰਨਾ ਹੈ ਉਸ ਦੇ ਨਜ਼ਦੀਕ ਗੰਦਗੀ ਫੈਲਾਈ ਜਾ ਰਹੀ ਹੈ। ਵਰਣਨਯੋਗ ਹੈ ਕਿ ਡੀ.ਏ.ਵੀ. ਸਕੂਲ ਦੇ ਨੇੜੇ ਹੀ ਇਕ ਛੋਟੇ ਬੱਚਿਆਂ ਦਾ ਪ੍ਰਾਈਵੇਟ ਸਕੂਲ ਵੀ ਹੈ। 
ਇਕ ਹੀ ਪਖਾਨਾ ਹੈ ਮੰਡੀ 'ਚ
ਜਦੋਂ ਦਾਣਾ ਮੰਡੀ ਕਾਠਗੜ੍ਹ 'ਚ ਜਾ ਕੇ ਦੇਖਿਆ ਤਾਂ ਸਿਰਫ ਇਕ ਹੀ ਪਖਾਨਾ ਬਣਿਆ ਹੋਇਆ ਦੇਖਣ ਨੂੰ ਮਿਲਿਆ, ਜੋ ਵੱਡੀ ਗਿਣਤੀ 'ਚ ਮਜ਼ਦੂਰਾਂ ਲਈ ਨਾ ਕਾਫੀ ਹੈ। 
ਕੀ ਕਹਿੰਦੇ ਹਨ ਪ੍ਰਿੰਸੀਪਲ
ਇਸ ਸਮੱਸਿਆ ਸਬੰਧੀ ਜਦੋਂ ਡੀ.ਏ.ਵੀ. ਸਕੂਲ ਦੇ ਪ੍ਰਿੰਸੀਪਲ ਨਰਿੰਦਰ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਮੇਰੇ ਧਿਆਨ 'ਚ ਨਹੀਂ ਸੀ ਜੋ ਬਹੁਤ ਹੀ ਮਾੜੀ ਗੱਲ ਹੈ ਤੇ ਸਵੱਛ ਭਾਰਤ ਮੁਹਿੰਮ 'ਤੇ ਕਲੰਕ ਹੈ। ਲੇਬਰ ਵੱਲੋਂ ਇਸ ਤਰ੍ਹਾਂ ਵਾਤਾਵਰਣ ਨੂੰ ਗੰਦਾ ਕਰਨਾ ਮਾੜੀ ਗੱਲ ਹੈ। ਜਿਸ 'ਤੇ ਪੁਲਸ ਪ੍ਰਸ਼ਾਸਨ ਨੂੰ ਵੀ ਸਖਤੀ ਕਰਨੀ ਚਾਹੀਦੀ ਹੈ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਲੇਬਰ ਮੰਗਵਾਈ ਹੈ, ਉਸ ਨੂੰ ਲੇਬਰ ਲਈ ਅਸਥਾਈ ਪ੍ਰਬੰਧ ਵੀ ਕਰਨਾ ਚਾਹੀਦਾ ਹੈ। 
ਕੀ ਕਹਿੰਦੇ ਹਨ ਮਾਰਕੀਟ ਕਮੇਟੀ ਦੇ ਸਕੱਤਰ
ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰਪਾਲ ਨਾਲ ਫੋਨ 'ਤੇ ਸੰਪਰਕ ਕਰ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਸੁਵਿਧਾ ਵਾਸਤੇ ਮੰਡੀ ਦੇ ਨਜ਼ਦੀਕ ਪਖਾਨੇ ਬਣਾਏ ਗਏ ਹਨ। ਜਿਸ ਸਬੰਧੀ ਮਜ਼ਦੂਰਾਂ ਨੂੰ ਦੱਸਣਾ ਮੰਡੀ ਦੇ ਆੜ੍ਹਤੀਆਂ ਦੀ ਜ਼ਿੰਮੇਵਾਰੀ ਹੈ।


Related News