ਮੋਦੀ ਅਤੇ ਭਾਜਪਾ ਨੂੰ ਹੋਇਆ ਰਾਹੁਲ ਗਾਂਧੀ ਫੋਬੀਆ : ਰਵਨੀਤ ਬਿੱਟੂ
Wednesday, Dec 06, 2017 - 07:26 PM (IST)

ਜਗਰਾਓਂ (ਜਸਬੀਰ ਸ਼ੇਤਰਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਰਾਹੁਲ ਗਾਂਧੀ ਫੋਬੀਆ ਹੋ ਗਿਆ ਹੈ। ਗੁਜਰਾਤ ਚੋਣਾਂ ਦੇ ਪ੍ਰਚਾਰ ਸਮੇਂ ਭਾਜਪਾ ਤੇ ਮੋਦੀ ਵਿਕਾਸ ਦੀ ਗੱਲ ਕਰਨ ਦੀ ਥਾਂ ਰਾਹੁਲ ਗਾਂਧੀ ਅਤੇ ਕਾਂਗਰਸ ਉੱਪਰ ਹੀ ਆਪਣਾ ਭਾਸ਼ਣ ਕੇਂਦਰਿਤ ਕਰ ਰਹੇ ਹਨ। ਉਨ੍ਹਾਂ ਦਾ ਸਾਰਾ ਜ਼ੋਰ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਭੰਡਣ ਵਿਚ ਲੱਗਿਆ ਰਹਿੰਦਾ ਹੈ ਜਿਸ ਤੋਂ ਉਨ੍ਹਾਂ ਦੀ ਘਬਰਾਹਟ ਸਾਫ ਝਲਕਦੀ ਹੈ। ਰਾਹੁਲ ਗਾਂਧੀ ਦੇ ਆਲ ਇੰਡੀਆ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਮਿਲਣ ਵਾਲੀ ਚੁਣੌਤੀ ਦੇ ਡਰੋਂ ਅਜਿਹਾ ਹੋ ਰਿਹਾ ਹੈ। ਇਹ ਪ੍ਰਗਟਾਵਾ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਹ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੇ ਜਗਰਾਓਂ ਵਿਖੇ ਖੋਲ੍ਹੇ ਗਏ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਸਿਰਫ ਪਾਰਟੀ ਵਿਚ ਨਵਾਂ ਬਦਲਾਅ ਹੀ ਨਹੀਂ ਆਵੇਗਾ ਸਗੋਂ ਦੇਸ਼ ਅੰਦਰ ਤਬਦੀਲੀ ਦਾ ਇਕ ਨਵਾਂ ਦੌਰ ਸ਼ੁਰੂ ਹੋਵੇਗਾ।
ਭਾਜਪਾ ਤੇ ਟੀਮ ਮੋਦੀ ਇਸ ਗੱਲ ਨੂੰ ਅਗਾਓਂ ਮਹਿਸੂਸ ਕਰ ਚੁੱਕੀ ਹੈ ਜਿਸ ਕਰਕੇ ਰਾਹੁਲ ਗਾਂਧੀ ਦੀ ਬਤੌਰ ਕਾਂਗਰਸ ਪ੍ਰਧਾਨ ਤਾਜਪੋਸ਼ੀ ਤੋਂ ਪਹਿਲਾਂ ਹੀ ਗਲਤ ਬਿਆਨਬਾਜ਼ੀ 'ਤੇ ਉੱਤਰ ਆਈ ਹੈ। ਗੁਜਰਾਤ ਨੂੰ ਆਪਣਾ ਘਰ ਦੱਸਣ ਵਾਲੇ ਮੋਦੀ ਅਤੇ ਉਥੇ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਸੱਤਾ ਵਿਚ ਕਾਬਜ਼ ਭਾਜਪਾ ਹੁਣ ਕੇਂਦਰ ਦੀ ਸਾਢੇ ਤਿੰਨ ਸਾਲ ਦੀ ਕਾਰਗੁਜ਼ਾਰੀ ਜਾਂ ਵਿਕਾਸ ਕਰਨ ਦੀ ਗੱਲ ਕਰਨ ਦੀ ਥਾਂ ਸਿਰਫ਼ ਕਾਂਗਰਸ ਅਤੇ ਇਸ ਦੇ ਨਵੇਂ ਬਣਨ ਜਾ ਰਹੇ ਪ੍ਰਧਾਨ ਨੂੰ ਭੰਡਣ 'ਤੇ ਹੀ ਸਾਹੋ-ਸਾਹ ਹੋ ਰਹੀ ਹੈ। ਇਹ ਸਾਰਾ ਕੁਝ ਦੇਖ ਰਹੀ ਦੇਸ਼ ਦੀ ਜਨਤਾ ਭਾਜਪਾ ਦੀ ਘਬਰਾਹਟ ਸਮਝ ਰਹੀ ਹੈ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਚੱਕਰਵਿਊ ਰਚ ਕੇ ਗੁਜਰਾਤ ਵਿਚ ਘੇਰਾਬੰਦੀ ਕੀਤੀ ਗਈ ਹੈ ਬਿਲਕੁਲ ਇਸੇ ਤਰਜ਼ 'ਤੇ ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਨੂੰ ਪਾਰਲੀਮੈਂਟ ਦੇ ਆ ਰਹੇ ਸਰਦ ਰੁੱਤ ਸੈਸ਼ਨ ਵਿਚ ਘੇਰਿਆ ਜਾਵੇਗਾ। ਸਰਕਾਰ ਨੇ ਗੁਜਰਾਤ ਚੋਣਾਂ ਕਰਕੇ ਹੀ ਇਹ ਸੈਸ਼ਨ ਮਹੀਨਾ ਅੱਗੇ ਪਾ ਦਿੱਤਾ ਕਿਉਂਕਿ ਸਰਕਾਰ ਨੂੰ ਸੰਸਦ ਦੇ ਅੰਦਰ ਹੋਣ ਵਾਲੀ ਘੇਰਾਬੰਦੀ ਦਾ ਅਸਰ ਗੁਜਰਾਤ ਚੋਣਾਂ 'ਤੇ ਪੈਣ ਦਾ ਡਰ ਸੀ।