ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਦੋ ਗ੍ਰਿਫਤਾਰ
Monday, May 01, 2023 - 05:30 PM (IST)

ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ ਦੋ ਵੱਖ-ਵੱਖ ਕੇਸਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਦੋ ਵੱਖ-ਵੱਖ ਕੇਸਾਂ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਕੇਸ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਐੱਸ. ਐੱਚ. ਓ. ਅਕੁੰਰਦੀਪ ਸਿੰਘ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ 11 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਜੀਵਨ ਸਿੰਘ ਪੁੱਤਰ ਰੁਲਦੂ ਸਿੰਘ ਵਸੀ ਪਿੰਡ ਰਾਜਗੜ੍ਹ ਥਾਣਾ ਪਸਿਆਣਾ ਹੈ। ਪੁਲਸ ਮੁਤਾਬਕ ਮਹਿਲਾ ਥਾਣੇਦਾਰ ਨਵਦੀਪ ਕੌਰ ਪੁਲਸ ਪਾਰਟੀ ਸਮੇਤ ਭਾਖੜਾ ਪੁਲ ਸੰਗਰੂਰ ਰੋਡ ਪਸਿਆਣਾ ਵਿਖੇ ਮੌਜੂਦ ਸੀ, ਜਿਥੇ ਉਕਤ ਵਿਅਕਤੀ ਨੂੰ ਪੈਦਲ ਆਉਂਦੇ ਨੂੰ ਜਦੋਂ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਉਸ ਤੋਂ 11 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਜਿਸ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਕੇਸ ਵਿਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਐੱਸ. ਐੱਚ. ਓ .ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਦੇਵੀ ਦਿਆਲ ਪੁੱਤਰ ਧੰਨਾ ਰਾਮ ਵਾਸੀ ਪਿੰਡ ਨੋਗਾਵਾਂ ਥਾਣਾ ਸਦਰ ਪਟਿਆਲਾ ਖ਼ਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਹੌਲਦਾਰ ਅਮਰੀਕ ਸਿੰਘ ਪੁਲਸ ਪਾਰਟੀ ਸਮੇਤ ਚੁਰਾਸੋਂ ਮੋੜ ਬਲਬੇੜਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਦੇਸੀ ਸ਼ਰਾਬ ਕਸੀਦ ਕੇ ਵੇਚਣ ਦਾ ਆਦੀ ਹੈ। ਜਿਸ ਦੇ ਘਰ ਵਿਚ ਹੁਣ ਵੀ ਕਸੀਦੀ ਹੋਈ ਨਾਜਾਇਜ਼ ਸ਼ਰਾਬ ਪਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਰੇਡ ਮਾਰ ਕੇ ਉਕਤ ਵਿਅਕਤੀ ਦੇ ਘਰ ਵਿਚੋਂ ਸ਼ਰਾਬ ਦੀਆਂ 18 ਬੋਤਲਾਂ ਬਰਾਮਦ ਕੀਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।