ਸਹੀ ਜਾਂਚ ਲਈ ਸੁਮੇਧ ਸੈਣੀ ਤੇ ਚਰਨਜੀਤ ਸ਼ਰਮਾ ਸਮੇਤ ਬਾਦਲਾਂ ਦਾ ਨਾਰਕੋ ਟੈਸਟ ਵੀ ਜਰੂਰੀ : ‘ਆਪ’
Thursday, Jul 08, 2021 - 02:08 PM (IST)
ਚੰਡੀਗੜ੍ਹ (ਰਮਨਜੀਤ) : ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅਤੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਵਲੋਂ ਨਾਰਕੋ ਟੈਸਟ (ਜਾਂਚ) ਕਰਾਉਣ ਤੋਂ ਮੁੱਕਰਨਾ ਸਿੱਧ ਕਰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਲਈ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਸਰਕਾਰ ਜ਼ਿੰਮੇਵਾਰ ਹੈ। ਕੋਟਕਪੂਰਾ ਤੇ ਬਹਿਬਲਕਲਾਂ ਦਾ ਸੱਚ ਜਾਣਨ ਲਈ ਸਾਬਕਾ ਡੀ. ਜੀ. ਪੀ. ਸੈਣੀ ਅਤੇ ਸਾਬਕਾ ਐੱਸ. ਐੱਸ. ਪੀ. ਸਮੇਤ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਨਾਰਕੋ ਟੈਸਟ ਕਰਵਾਇਆ ਜਾਣਾ ਅਤਿ ਜ਼ਰੂਰੀ ਹੈ। ਇਹ ਗੱਲ ‘ਆਪ’ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਹੀ। ਇਕ ਬਿਆਨ ਜਾਰੀ ਕਰਕੇ ਕੁਲਤਾਰ ਸਿੰਘ ਸੰਧਵਾਂ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਨਵੀਂ ਬਣਾਈ ਜਾਂਚ ਕਮੇਟੀ ਵਲੋਂ ਅਦਾਲਤ ਰਾਹੀਂ ਮਾਮਲੇ ਨਾਲ ਜੁੜੇ ਤਤਕਾਲੀ ਪੁਲਸ ਅਧਿਕਾਰੀਆਂ ਦਾ ਨਾਰਕੋ ਟੈਸਟ ਕਰਾਉਣ ਤੋਂ ਸੈਣੀ ਤੇ ਸ਼ਰਮਾ ਦਾ ਇਨਕਾਰ ਬਹੁਤ ਅਹਿਮ ਹੈ। ਹਾਲਾਂਕਿ ਮੁਅੱਤਲ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਨਾਰਕੋ ਟੈਸਟ ਕਰਵਾਉਣ ’ਤੇ ਸਹਿਮਤੀ ਜਤਾ ਦਿੱਤੀ ਹੈ ਪਰ ਸੈਣੀ ਤੇ ਸ਼ਰਮਾ ਵਲੋਂ ਕੀਤਾ ਗਿਆ ਵਿਰੋਧ ਬਾਦਲ ਸਰਕਾਰ ਵਲੋਂ ਕੀਤੇ ਪਾਪਾਂ ’ਤੇ ਪਰਦਾ ਪਾਉਣ ਦੀ ਭੱਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ
ਸੰਧਵਾਂ ਨੇ ਕਿਹਾ ਕਿ ਗੋਲੀਕਾਂਡ ਦੀ ਜਾਂਚ ਕਰਨ ਵਾਲੀ ਪਹਿਲੀ ਜਾਂਚ ਕਮੇਟੀ ਨੇ ਇਨ੍ਹਾਂ ਸਾਬਕਾ ਪੁਲਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੋਇਆ ਹੈ ਪਰ ਕੈਪਟਨ ਸਰਕਾਰ ਬਾਦਲਾਂ ਦੇ ਪਾਪ ਨੂੰ ਲੋਕਾਂ ਸਾਹਮਣੇ ਰੱਖਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਇਨ੍ਹਾਂ ਪੁਲਸ ਅਧਿਕਾਰੀਆਂ ਸਮੇਤ ਬਾਦਲਾਂ ਦਾ ਵੀ ਨਾਰਕੋ ਟੈਸਟ ਕਰਾਉਣਾ ਚਾਹੀਦਾ ਹੈ ਤਾਂ ਜੋ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਗੋਲੀਕਾਂਡ ਅਤੇ ਹੋਰ ਵਾਪਰੀਆਂ ਘਟਨਾਵਾਂ ਦਾ ਸੱਚ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ : ਸਕੂਲ ਤਿਆਰ ਕਰਨਗੇ ਨਤੀਜੇ, ਸੀ. ਬੀ. ਐੱਸ. ਈ. ਅਧਿਕਾਰੀ ਕਰਨਗੇ ਅਚਾਨਕ ਨਿਰੀਖਣ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ