ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਦੀ ਰਵਨੀਤ ਬਿੱਟੂ ਸਦਕਾ ਮੰਗ ਹੋਈ ਪੂਰੀ, ਰੇਲਵੇ ਸਟੇਸ਼ਨ ਦਾ ਪੰਜਾਬੀ ’ਚ ਲਿਖਿਆ ਨਾਂ
Sunday, Mar 09, 2025 - 02:34 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਸ੍ਰੀ ਕੀਰਤਪੁਰ ਸਾਹਿਬ ਦੇ ਵਾਸੀ ਅਤੇ ਉੱਘੇ ਸਮਾਜ ਸੇਵੀ ਜੁਗਰਾਜ ਸਿੰਘ ਸੈਣੀ ਵੱਲੋਂ ਲਈ ਨਿੱਜੀ ਦਿਲਚਸਪੀ ਅਤੇ ਸਹਿਰ ਵਾਸੀਆਂ ਵੱਲੋਂ ਕੀਤੀਆਂ ਅਪੀਲਾਂ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦੀ ਬਿਲਡਿੰਗ ਉੱਪਰ ਬਿਲਕੁਲ ਵਿਚਕਾਰ ਹਿੰਦੀ ਵਿਚ ਲਿਖੇ ਨਾਮ ਨੂੰ ਮਿਟਵਾ ਕੇ ਪੰਜਾਬੀ ਵਿਚ ਲਿਖਵਾ ਕੇ ਸ਼ਹਿਰ ਵਾਸੀਆਂ ਦੇ ਨਾਲ-ਨਾਲ ਪੂਰੇ ਪੰਜਾਬ ਵਾਸੀਆਂ ਦਾ ਮਨ ਮੋਹ ਲਿਆ।
ਇਹ ਵੀ ਪੜ੍ਹੋ : ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਦੇ ਮਾਮਲੇ 'ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
ਮੰਤਰੀ ਬਿੱਟੂ ਵੱਲੋਂ ਪੰਜਾਬੀ ਪ੍ਰਤੀ ਦਿਖਾਏ ਪਿਆਰ ਦੀ ਤਰੀਫ਼ ਕਰਦਿਆਂ ਜੁਗਰਾਜ ਸਿੰਘ ਸੈਣੀ, ਸੀਨੀਅਰ ਭਾਜਪਾ ਆਗੂ ਜਤਿੰਦਰ ਸਿੰਘ ਅਠਵਾਲ, ਮੰਡਲ ਭਾਜਪਾ ਦੇ ਪ੍ਰਧਾਨ ਐਡਵੋਕੇਟ ਸਤਬੀਰ ਰਾਣਾ, ਮੁਕੇਸ਼ ਨੱਡਾ, ਮੁਨੀਸ਼ ਕੇਅਰਪਾਲ, ਰਤਨ ਲਾਲ ਧਨੇੜਾ, ਗੁਰਵਿੰਦਰ ਸਿੰਘ ਹੈਪੀ, ਕੇ. ਕੇ. ਬੇਦੀ, ਮਹੰਤ ਲਛਮਣ ਦਾਸ ਆਦਿ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ ਵਿਚ ਰੇਲਵੇ ਸਟੇਸ਼ਨ ਨੂੰ ਬਹੁਤ ਹੀ ਵਧੀਆ ਅਤੇ ਆਧੁਨਿਕ ਤਰੀਕੇ ਨਾਲ ਬਣਾਉਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਤਹਿਤ ਪੰਜਾਬ ਅੰਦਰ ਵੀ ਦਰਜਨ ਦੇ ਕਰੀਬ ਰੇਲਵੇ ਸਟੇਸ਼ਨਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ, ਜਿਸ ਵਿਚ ਇਸ ਇਤਿਹਾਸਿਕ ਧਰਤੀ ਦੀ ਮਹੱਤਤਾ ਨੂੰ ਵੇਖਦਿਆਂ ਮੋਦੀ ਸਰਕਾਰ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਰੇਲਵੇ ਸਟੇਸ਼ਨ ਦੀ ਵੀ ਕਾਇਆ ਕਲਪ ਕਰਕੇ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਬਣਾਇਆ ਜਾ ਰਿਹਾ ਹੈ, ਜਿਸ ਦਾ ਕੰਮ ਬਸ ਕੁਝ ਮਹੀਨਿਆਂ ਦਾ ਹੀ ਰਹਿ ਗਿਆ ਹੈ।
ਇਹ ਵੀ ਪੜ੍ਹੋ : ਤਖ਼ਤਾਂ ਦੇ ਜਥੇਦਾਰਾਂ ਨੂੰ ਫ਼ਾਰਗ ਕਰਨ ਨੂੰ ਲੈ ਕੇ ਦਲ ਖ਼ਾਲਸਾ ਦਾ ਵੱਡਾ ਬਿਆਨ
ਉਨ੍ਹਾਂ ਦੱਸਿਆ ਕਿ ਨਵੇਂ ਸਿਰੇ ਤੋਂ ਇਸ ਰੇਲਵੇ ਸਟੇਸ਼ਨ ਦੀ ਕਾਇਆ ਕਲਪ ਕਰਨ ਦੇ ਨਾਲ-ਨਾਲ ਸਟੇਸ਼ਨ ਦੇ ਬਾਹਰ ਬਹੁਤ ਵੱਡੇ ਅੱਖਰਾਂ ਵਿਚ ਵਿਚਕਾਰ ਹਿੰਦੀ ਅਤੇ ਆਸੇ ਪਾਸੇ ਪੰਜਾਬੀ ਅਤੇ ਇੰਗਲਿਸ਼ ਵਿਚ ਅਨੰਦਪੁਰ ਸਾਹਿਬ ਦਾ ਨਾਮ ਲਿਖਿਆ ਗਿਆ ਸੀ। ਵਿਚਕਾਰ ਅਤੇ ਵੱਡੇ ਅੱਖਰਾਂ ਵਿਚ ਹਿੰਦੀ ਵਿਚ ਨਾਮ ਲਿਖੇ ਜਾਣ ਤੋਂ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਜਿਸ ਕਰਕੇ ਸਾਰਿਆਂ ਵੱਲੋਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਧਿਆਨ ਵਿਚ ਇਹ ਮਸਲਾ ਲਿਆਂਦਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਅਤੇ ਗੁਰੂ ਨਗਰੀ ਦੀ ਇਤਿਹਾਸਿਕ ਮਹੱਤਤਾ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਬਿੱਟੂ ਨੇ ਨਿੱਜੀ ਦਿਲਚਸਪੀ ਲੈ ਕੇ ਵਿਚਕਾਰ ਹਿੰਦੀ ਵਿਚ ਲਿਖੇ ਨਾਮ ਨੂੰ ਮਿਟਵਾ ਕੇ ਪੰਜਾਬੀ ਵਿਚ ਅਨੰਦਪੁਰ ਸਾਹਿਬ ਲਿਖਵਾਇਆ। ਪੰਜਾਬੀ ਪ੍ਰਤੀ ਵਿਖਾਏ ਪਿਆਰ ਲਈ ਸ਼ਹਿਰ ਹੀ ਨਹੀਂ ਸਗੋਂ ਸਮੁੱਚੇ ਇਲਾਕਾ ਵਾਸੀਆਂ ਵੱਲੋਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e