ਸੁਲਤਾਨਪੁਰ ਲੋਧੀ ਦਾ ਨਾਂ ਬਦਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ''ਤੇ ਰੱਖਿਆ ਜਾਵੇ : ਕੇਨੀ

10/28/2017 4:39:57 AM

ਸੁਲਤਾਨਪੁਰ ਲੋਧੀ, (ਸੋਢੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੁਲਤਾਨਪੁਰ ਲੋਧੀ 'ਚ ਬੜੇ ਜੰਗੀ ਪੱਧਰ 'ਤੇ ਹੋ ਰਹੀਆਂ ਹਨ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ 'ਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਨਾਨਕ ਕੀਰਤਨ ਐਂਡ ਵੈੱਲਫੇਅਰ ਸੁਸਾਇਟੀ ਡਡਵਿੰਡੀ ਦੇ ਪ੍ਰਧਾਨ ਭਾਈ ਕੰਵਲਨੈਨ ਸਿੰਘ ਕੇਨੀ ਤੇ ਭਾਈ ਰਣਜੀਤ ਸਿੰਘ ਚਿੱਤਰਕਾਰ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ 2019 'ਚ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। 
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਤੋਂ ਪਹਿਲਾਂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ ਜਾਵੇ ਤਾਂ ਜੋ ਸਤਿਗੁਰੂ ਜੀ ਦੀ ਇਸ ਨਗਰੀ ਦਾ ਨਾਂ ਲੈਂਦੇ ਹੀ ਗੁਰੂ ਸਾਹਿਬ ਦੇ ਆਤਮਿਕ ਤੌਰ 'ਤੇ ਦਰਸ਼ਨ ਹੋ ਜਾਣ। ਭਾਈ ਕੇਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦਾ ਬਹੁਤ ਅਹਿਮ ਸਮਾਂ ਤਕਰੀਬਨ 15 ਸਾਲ ਇਸ ਨਗਰੀ 'ਚ ਰਹਿ ਕੇ ਕਈ ਕੌਤਕ ਵਰਤਾਏ ਤੇ ਗੁਰਬਾਣੀ ਦਾ ਆਰੰਭ ਸ੍ਰੀ ਮੂਲ ਮੰਤਰ ਸਾਹਿਬ ਦਾ ਉਚਾਰਨ ਵੀ ਇਸ ਪਾਵਨ ਨਗਰੀ 'ਚ ਹੀ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਅਸਥਾਨ 'ਤੇ ਕੀਤਾ।
ਉਨ੍ਹਾਂ ਕਿਹਾ ਕਿ ਇੰਨੀ ਵੱਡੀ ਧਾਰਮਿਕ ਤੇ ਇਤਿਹਾਸਕ ਮਹੱਤਵ ਵਾਲੀ ਨਗਰੀ ਸੁਲਤਾਨਪੁਰ ਲੋਧੀ ਦਾ ਹੁਣ ਤਕ ਇਸ ਦੀ ਮਹਾਨਤਾ ਦੇ ਬਰਾਬਰ ਕੋਈ ਵਿਕਾਸ ਨਹੀਂ ਹੋ ਸਕਿਆ। ਇਸ ਲਈ ਇਸ ਪਾਵਨ ਨਗਰੀ 'ਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2, 3, 4 ਨਵੰਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਲਈ ਸ਼ਰਧਾਲੂ ਸੰਗਤਾਂ 'ਚ ਕਾਫੀ ਸ਼ਰਧਾ ਤੇ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਨਗਰੀ ਨੂੰ ਸਮੂਹ ਸੰਗਤਾਂ ਵਲੋਂ ਆਪਣੇ ਘਰਾਂ ਤੇ ਆਲੇ-ਦੁਆਲੇ ਨੂੰ ਦੀਪਮਾਲਾ ਕਰ ਕੇ ਤੇ ਸੁੰਦਰ ਲੜੀਆਂ ਲਗਾ ਕੇ ਰੌਸ਼ਨਾਇਆ ਜਾਵੇਗਾ। 


Related News