ਸਿੱਧੂ ਮੂਸੇਵਾਲਾ ਦੇ ਨਾਮ 'ਤੇ ਹੋਵੇਗਾ ਸੜਕ ਦਾ ਨਾਂ, ਸੁਰੱਖਿਆ ਲੀਕ ਹੋਣ ਸਬੰਧੀ ਸਿਹਤ ਮੰਤਰੀ ਦਾ ਅਹਿਮ ਬਿਆਨ

Friday, Jan 27, 2023 - 01:15 PM (IST)

ਮਾਨਸਾ (ਵੈੱਬ ਡੈਸਕ) : ਬੀਤੇ ਦਿਨ ਗਣਤੰਤਰ ਦਿਵਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਾਨਸਾ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਮੂਸੇਵਾਲਾ ਦੇ ਪਰਿਵਾਰ ਦਾ ਬਹੁਤ ਸਤਿਕਾਰ ਕਰਦਾ ਹਾਂ ਤੇ ਮੈਨੂੰ ਵੀ ਸਿੱਧੂ ਦੀ ਮੌਤ ਦਾ ਬਹੁਤ ਦੁਖ਼ ਹੈ। ਉਨ੍ਹਾਂ ਕਿਹਾ ਕਿ ਮੈਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਦਰਦ ਚੰਗੀ ਤਰ੍ਹਾਂ ਸਮਝਦਾ ਹਾਂ। ਜਿੰਨੇ ਵੀ ਗੈਂਗਸਟਰ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਹਨ, ਜੋ ਭਾਰਤ 'ਚ ਹਨ, ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਨ੍ਹਾਂ ਸਭ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਜੋ ਗੈਂਗਸਟਰ ਵਿਦੇਸ਼ਾਂ 'ਚ ਬੈਠੇ ਹਨ, ਉਨ੍ਹਾਂ ਨੂੰ ਵੀ ਜਲਦ ਪੰਜਾਬ ਲਿਆਂਦਾ ਜਾਵੇਗਾ। ਜਦੋਂ ਇਨ੍ਹਾਂ ਗੈਂਗਸਟਰਾਂ ਨੂੰ ਸਜ਼ਾਵਾਂ ਮਿਲ ਜਾਣਗੀਆਂ, ਉਸ ਵੇਲੇ ਸ਼ਾਇਦ ਸਿੱਧੂ ਦੇ ਮਾਤਾ-ਪਿਤਾ ਨੂੰ ਇਨਸਾਫ਼ ਮਿਲੇਗਾ ਪਰ ਪੁੱਤ ਦੇ ਚਲੇ ਜਾਣ ਦਾ ਘਾਟਾਂ ਕਦੇ ਵੀ ਪੂਰਾ ਨਾ ਹੋਣ ਵਾਲਾ ਹੈ। 

ਇਹ ਵੀ ਪੜ੍ਹੋ- DJ ਦਾ ਪ੍ਰੋਗਰਾਮ ਲਗਾ ਕੇ ਘਰ ਪਰਤ ਰਹੇ ਨੌਜਵਾਨ ਨੂੰ ਟਰੈਕਟਰ ਨੇ ਦਰੜਿਆ, ਹੋਈ ਦਰਦਨਾਕ ਮੌਤ

ਸੁਰੱਖਿਆ ਲੀਕ ਕਰਨ ਵਾਲੇ 'ਤੇ ਹੋਵੇਗੀ ਕਾਰਵਾਈ

ਪੱਤਰਕਾਰਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਸੰਬੰਧੀ ਜਾਣਕਾਰੀ ਲੀਕ ਕਰਨ ਦੇ ਸਵਾਲ ਦੇ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਖ਼ਿਲਾਫ਼ ਗੰਭੀਰਤਾ ਨਾਲ ਕਾਰਵਾਈ ਕੀਤੀ ਜਾਵੇਗੀ। ਜੋ ਕੁਝ ਵੀ ਮੂਸੇਵਾਲਾ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ, ਉਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਹੋਵੇਗੀਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਜੇਕਰ ਕੋਈ ਵੀ ਵਿਅਕਤੀ ਕੁਝ ਗ਼ਲਤ ਕੰਮ ਕਰਦਾ ਹੈ, ਉਹ ਚਾਹੇ ਸਾਡੀ ਪਾਰਟੀ ਨਾਲ ਸਬੰਧਿਤ ਹੀ ਕਿਉਂ ਨਾ ਹੋਵੇ,  ਉਸ ਨੂੰ ਦੁੱਗਣੀ ਸਜ਼ਾ ਦਿੱਤੀ ਜਾਵੇਗੀ। ਦੱਸ ਦੇਈਏ ਕਿ ਮੂਸੇਵਾਲਾ ਦੇ ਪਿਤਾ ਨੇ ਇਲਜ਼ਾਮ ਲਾਇਆ ਸੀ ਕਿ ਸਿੱਧੂ ਦੀ ਸੁਰੱਖਿਆ ਉੱਚੇ ਪੱਧਰ 'ਤੇ ਬੈਠੇ ਵਿਅਕਤੀ ਵੱਲੋਂ ਲੀਕ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੱਛਮੀ ਬੰਗਾਲ 'ਚ ਡਿਊਟੀ ਦੌਰਾਨ ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਹੋਈ ਮੌਤ

ਮੂਸੇਵਾਲਾ ਦਾ ਨਾਮ 'ਤੇ ਹੋਵੇਗਾ ਸੜਕ ਦਾ ਨਾਂ

ਮੰਤਰੀ ਬਲਬੀਰ ਨੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਰਾਮ ਦੱਤਾ ਸੜਕ ਮੂਸੇਵਾਲਾ ਦੇ ਨਾਮ ਨੂੰ ਸਮਰਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਮਨ 'ਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਲਈ ਬਹੁਤ ਸਤਿਕਾਰ ਹੈ ਤੇ ਅਸੀਂ ਉਨ੍ਹਾਂ ਦਾ ਦਰਦ ਸਮਝਦੇ ਹਾਂ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਬਹੁਤ ਅਪਰਾਧਿਕ ਗੈਂਗਾਂ ਸਰਗਰਮ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਦਾ ਸਫਾਇਆ ਕਰਨ 'ਚ ਲੱਗੀ ਹੋਈ ਹੈ, ਪਿਛਲੀਆਂ ਸਰਕਾਰਾਂ ਨੇ ਇਸ ਸਬੰਧੀ ਕੁਝ ਨਹੀਂ ਕੀਤਾ। ਪਿਛਲੀਆਂ ਸਰਕਾਰਾਂ 'ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਤੇ ਕਾਂਗਰਸ ਦੇ ਕਾਰਜਕਾਲ ਦੌਰਾਨ ਪੰਜਾਬ 'ਚ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ, ਕੈਂਸਰ ਫੈਲਿਆ, ਚਿੱਟੀ ਸੁੰਡੀ ਦਾ ਕਹਿਰ ਆਇਆ ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਕੁਝ ਵੀ ਅਜਿਹਾ ਨਹੀਂ ਹੋਣ ਦਿੱਤਾ ਗਿਆ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News