ਨਾਭਾ ਸਕਿਓਰਟੀ ਜ਼ਿਲ੍ਹ ਜੇਲ੍ਹ ’ਚੋਂ ਤਿੰਨ ਮੋਬਾਇਲ ਬਰਾਮਦ, ਪ੍ਰਸ਼ਾਸਨ ਸਵਾਲਾਂ ਦੇ ਘੇਰੇ ’ਚ
Wednesday, Jun 23, 2021 - 04:21 PM (IST)
ਨਾਭਾ (ਜੈਨ) : ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਵਿਚੋਂ ਤਿੰਨ ਮੋਬਾਇਲ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਹੈ। ਸਹਾਇਕ ਸੁਪਰਡੈਂਟ ਸੱਜਣ ਸਿੰਘ ਅਨੁਸਾਰ ਜੇਲ੍ਹ ਦੀ ਹਾਈ ਸਕਿਓਰਟੀ ਜ਼ੋਨ ਵਾਲੀ ਚੱਕੀ ਨੰ. 20 ਵਿਚੋਂ ਦੋ ਲਾਵਾਰਿਸ ਮੋਬਾਇਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਇਕ ਮੋਬਾਇਲ ਮਾਰਕਾ ਵੀਵੋ ਬਿਨਾ ਸਿੰਮ ਕਾਰਡ ਅਤੇ ਦੂਜਾ ਮੋਬਾਇਲ ਕਾਲੇ ਰੰਗ ਦਾ ਬਿਨਾਂ ਸਿੰਮ ਕਾਰਡ ਹੈ। ਇਸ ਚੱਕੀ ਦੇ ਇਰਧ-ਗਿਰਧ ਸਖ਼ਤ ਸੁਰੱਖਿਆ ਹੁੰਦੀ ਹੈ।
ਇਥੋਂ ਤੱਕ ਕਿ ਪੰਛੀ ਵੀ ਨਹੀਂ ਬੈਠ ਸਕਦਾ। ਮੋਬਾਇਲਾਂ ਦੀ ਵਾਰ-ਵਾਰ ਹੋ ਰਹੀ ਬਰਾਮਦਗੀ ਨਾਲ ਜੇਲ੍ਹ ਵਿਭਾਗ ਦੀ ਕਿਰਕਿਰੀ ਹੋ ਰਹੀ ਹੈ। ਇੰਝ ਹੀ ਚੱਕੀ ਨੰ. 5 ਵਿਚ ਬੰਦ ਖ਼ਤਰਨਾਕ ਹਰਿਆਣਵੀ ਗੈਂਗਸਟਰ ਅਮਨ ਕੁਮਾਰ ਪੁੱਤਰ ਦੇਵ ਰਾਜ ਵਾਸੀ ਕੁਰੂਕਸ਼ੇਤਰਾ (ਹਰਿਆਣਾ) ਪਾਸੋਂ ਓਪੋ ਕੰਪਨੀ ਦਾ ਟੱਚ ਸਕਰੀਨ ਮੋਬਾਇਲ ਸਮੇਤ ਦੋ ਸਿੰਮ ਕਾਰਡ ਬਰਾਮਦ ਕੀਤਾ ਗਿਆ ਹੈ। ਇਸ ਗੈਂਗਸਟਰ ਹਵਾਲਾਤੀ ਅਮਨ ਪਾਸੋਂ ਪੰਜ ਦਿਨ ਪਹਿਲਾਂ ਵੀ ਟੱਚ ਸਕਰੀਨ ਮੋਬਾਇਲ, ਹੈੱਡਫੋਨ ਤੇ ਚਾਰਜਿੰਗ ਲੀਡ ਬਰਾਮਦ ਕੀਤੀ ਗਈ ਸੀ। ਵਾਰ-ਵਾਰ ਗੈਂਗਸਟਰ ਤੋਂ ਮੋਬਾਇਲ ਬਰਾਮਦ ਹੋਣ ਨਾਲ ਸ਼ੰਕੇ ਪੈਦਾ ਹੋ ਰਹੇ ਹਨ।
ਪਿਛਲੇ 10 ਦਿਨਾਂ ਦੌਰਾਨ ਇਸ ਜੇਲ੍ਹ ਵਿਚੋਂ ਇਕ ਦਰਜਨ ਤੋਂ ਵੱਧ ਮੋਬਾਇਲ ਬਰਾਮਦ ਹੋ ਚੁੱਕੇ ਹਨ। ਕੋਤਵਾਲੀ ਪੁਲਸ ਦੇ ਐਸ. ਐਚ. ਓ. ਅਨੁਸਾਰ ਗੈਂਗਸਟਰ ਅਮਨ ਤੇ ਹੋਰ ਅਣਪਛਾਤੇ ਕੈਦੀਆਂ ਖ਼ਿਲਾਫ਼ ਦੋ ਮਾਮਲੇ ਦਰਜ ਕਰ ਲਏ ਗਏ ਹਨ। ਪ੍ਰੋਡਕਸ਼ਨ ਵਾਰੰਟ ’ਤੇ ਹਵਾਲਾਤੀ ਨੂੰ ਹਿਰਾਸਤ ਵਿਚ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਇਕ ਹਵਾਲਾਤੀ ਬਲਵਿੰਦਰ ਸਿੰਘ ਜੇਲ੍ਹ ਵਿਚੋਂ ਲਾਈਵ ਹੋ ਕੇ ਜੇਲ੍ਹ ਦੇ ਅਧਿਕਾਰੀਆਂ ਖ਼ਿਲਾਫ਼ ਮੋਬਾਇਲ ਸਪਲਾਈ ਕਰਨ ਦੇ ਸੰਗੀਨ ਦੋਸ਼ ਲਾਏ ਸਨ ਪਰ ਏ. ਡੀ. ਜੀ. ਪੀ. ਵੱਲੋਂ ਕਲੀਨ ਚਿੱਟ ਦੇਣ ਤੋਂ ਬਾਅਦ ਇਸ ਜੇਲ੍ਹ ਵਿਚ ਹੁਣ ਧੜੱਲੇ ਨਾਲ ਮੋਬਾਇਲ ਇਸਤੇਮਾਲ ਹੋਣ ਲੱਗ ਪਏ ਹਨ।