ਨਾਭਾ ਜੇਲ ਬ੍ਰੇਕ ਤੋਂ ਬਾਅਦ ਖਤਰਨਾਕ ਰੂਪ ''ਚ ਸਾਹਮਣੇ ਆਇਆ ਗੈਂਗਸਟਰ ਵਿੱਕੀ ਗੌਂਡਰ, ਕਰ ਰਿਹੈ ਵੱਡੀਆਂ ਵਾਰਦਾਤਾਂ (ਤਸਵੀਰਾਂ)
Saturday, Apr 22, 2017 - 06:54 PM (IST)

ਅੰਮ੍ਰਿਤਸਰ (ਇੰਦਰਜੀਤ) : ਗੁਰਦਾਸਪੁਰ ''ਚ ਵੀਰਵਾਰ ਨੂੰ ਹੋਏ ਤੇਹਰੇ ਹੱਤਿਆ ਕਾਂਡ ਵਿਚ ਬਦਨਾਮ ਗੈਂਗਸਟਰ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੇ ਜਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ। ਇਸ ਗੈਂਗਸਟਰ ਗੌਂਡਰ ਨੇ ਪੁਲਸ ਦੇ ਸਾਹਮਣੇ 100 ਤੋਂ ਵੱਧ ਗੋਲੀਆਂ ਦੀ ਵਾਛੜ ਕਰ ਕੇ ਇਕ ਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਪੁਲਸ ਮੂੰਹ ਵੇਖਦੀ ਰਹਿ ਗਈ ਸੀ। ਨਾਭਾ ਕਾਂਡ ਦੀ ਘਟਨਾ ਤੋਂ ਬਾਅਦ ਪੰਜਾਬ ਭਰ ਵਿਚ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਜਿਸ ਤਰ੍ਹਾਂ ਗੈਂਗਸਟਰਾਂ ''ਤੇ ਦਮਨ ਚੱਕਰ ਚਲਾਇਆ ਸੀ ਉਸ ਤੋਂ ਜਿਥੇ ਅਪਰਾਧੀਆਂ ''ਤੇ ਪੁਲਸ ਫੋਰਸ ਦੀ ਦਹਿਸ਼ਤ ਫੈਲੀ, ਉਥੇ ਹੀ ਦਰਜਨਾਂ ਗੈਂਗਸਟਰ ਐੱਸ. ਟੀ. ਐੱਫ. ਨੇ ਕਾਬੂ ਕਰ ਕੇ ਜੇਲ ਭੇਜ ਦਿੱਤੇ ਸਨ।
ਪੁਲਸ ਦੀ ਇਸ ਫੜੋ-ਫੜੀ ਵਿਚ ਐੱਸ. ਟੀ. ਐੱਫ. ਦੀ ਕਮਾਨ ਹੇਠ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ, ਲੌਰੈਂਸ ਬਿਸ਼ਨੋਈ, ਦਲਜੀਤ ਭਾਨਾ, ਰਾਣਾ ਕੰਧੋਵਾਲੀਆ, ਅੰਮ੍ਰਿਤਸਰ ਦਾ ਕਮਲ ਬੋਰੀ, ਮਾਲੇਰਕੋਟਲਾ ਦਾ ਬੱਗਾ ਖਾਨ, ਹਰਜੀਤ ਸਿੰਘ ਮਾਹਲਾ ਆਦਿ ਦਰਜਨਾਂ ਗੈਂਗਸਟਰ ਫੜੇ ਜਾਣ ਤੋਂ ਬਾਅਦ ਇਨ੍ਹਾਂ ਗੈਂਗਸਟਰਾਂ ਦੀ ਚੇਨ ਹੀ ਟੁੱਟ ਗਈ ਸੀ, ਜਿਸ ਵਿਚ ਕਈ ਗੈਂਗਸਟਰ ਜੋ ਬਾਕੀ ਬਚੇ ਸਨ ਉਹ ਐੱਸ. ਟੀ. ਐੱਫ. ਦੇ ਸਾਹਮਣੇ ਸਰੰਡਰ ਕਰਨ ਦੇ ਚਾਹਵਾਨ ਸਨ ਕਿਉਂਕਿ ਇਨ੍ਹਾਂ ਲੋਕਾਂ ਦਾ ਹੁਣ ਅਪਰਾਧੀਆਂ ਤੋਂ ਡਰ ਉਠ ਗਿਆ ਸੀ। ਇਨ੍ਹਾਂ ਹਾਲਾਤ ਵਿਚ ਵਿੱਕੀ ਗੌਂਡਰ ਤੇ ਹੈਰੀ ਸਮੇਤ ਕਈ ਬਚੇ-ਖੁਚੇ ਗੈਂਗਸਟਰ ਪੁਲਸ ਦੇ ਨਿਸ਼ਾਨੇ ''ਤੇ ਸਨ, ਜਦੋਂ ਕਿ ਵਿੱਕੀ ਗੌਂਡਰ ਦਾ ਤਾਂ ਘੇਰਾ ਕਾਫ਼ੀ ਤੰਗ ਹੋ ਚੁੱਕਾ ਸੀ ਪਰ ਬਾਅਦ ਵਿਚ ਫੇਰਬਦਲ ਦੇ ਚੱਕਰ ''ਚ ਐੱਸ. ਟੀ. ਐੱਫ. ਕੋਈ ਵਿਸ਼ੇਸ਼ ਦਮ ਨਾ ਵਿਖਾ ਸਕੀ ਅਤੇ ਮੌਜੂਦਾ ਸਮੇਂ ਵਿਚ ਕੋਈ ਵੀ ਅਜਿਹਾ ਕਾਰਨਾਮਾ ਐੱਸ. ਟੀ. ਐੱਫ. ਨੇ ਨਹੀਂ ਕਰ ਵਿਖਾਇਆ, ਜਿਸ ਨਾਲ ਲੋਕਾਂ ਦਾ ਵਿਸ਼ਵਾਸ ਬਹਾਲ ਹੋ ਸਕੇ, ਇਥੋਂ ਤੱਕ ਕਿ ਜੋ ਗੈਂਗਸਟਰ ਪਹਿਲੇ ਸਮੇਂ ਵਿਚ ਆਈ. ਪੀ. ਐੱਸ. ਅਧਿਕਾਰੀ ਦੀ ਦਬਿਸ਼ ਹੇਠ ਜੇਲ ਭੇਜੇ ਗਏ ਸਨ।
ਬਾਅਦ ਵਿਚ ਹੌਲੀ-ਹੌਲੀ ਇਨ੍ਹਾਂ ਦੇ ਹੌਸਲੇ ਵਧਣੇ ਸ਼ੁਰੂ ਹੋ ਗਏ। ਕਈ ਅੰਡਰਗਰਾਊਂਡ ਲੋਕ ਬਾਹਰ ਆ ਗਏ, ਜਦੋਂ ਕਿ ਹੋਰ ਲੋਕ ਜੋ ਜੇਲ ਵਿਚ ਬੈਠੇ ਹਨ, ਉਹ ਵੀ ਜ਼ਮਾਨਤ ਦੀ ਜੁਗਤ ਲਾ ਰਹੇ ਹਨ, ਇਨ੍ਹਾਂ ਵਿਚ ਕਈਆਂ ਦੀ ਜ਼ਮਾਨਤ ਹੋ ਚੁੱਕੀ ਹੈ। ਪਹਿਲੇ ਸਮੇਂ ਵਿਚ ਵਿੱਕੀ ਗੌਂਡਰ ਜੋ ਐੱਸ. ਟੀ. ਐੱਫ. ਦੇ ਦਬਾਅ ਵਿਚ ਅੰਡਰਗਰਾਊਂਡ ਹੋ ਗਿਆ ਸੀ, ਨਵੇਂ ਘਟਨਾਕ੍ਰਮ ਵਿਚ ਅੱਗੇ ਤੋਂ ਕਿਤੇ ਖਤਰਨਾਕ ਹੋ ਕੇ ਨਿਕਲਿਆ ਹੈ ਅਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ, ਹਾਲਾਂਕਿ ਗੁਰਦਾਸਪੁਰ ਖੇਤਰ ਜੋ ਅੰਮ੍ਰਿਤਸਰ ਬਾਰਡਰ ਰੇਂਜ ਦੇ ਤਹਿਤ ਆਉਂਦਾ ਹੈ, ਵਿਚ ਸਖਤ ਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਸਨ, ਜਿਨ੍ਹਾਂ ਵਿਚ ਬਾਰਡਰ ਰੇਂਜ ਪੁਲਸ ਦੇ ਆਈ. ਜੀ. ਨੌਨਿਹਾਲ ਸਿੰਘ ਦੀ ਅਗਵਾਈ ''ਚ ਭਾਰਤ-ਪਾਕਿ ਬਾਰਡਰ ਸਮੇਤ ਕਈ ਥਾਵਾਂ ''ਤੇ ਸਖਤ ਨਾਕਾਬੰਦੀ ਕੀਤੀ ਗਈ ਕਿਉਂਕਿ ਬਾਰਡਰ ਰੇਂਜ ਪੁਲਸ ਦਾ ਵੱਧ ਫੋਕਸ ਸਰਹੱਦੀ ਇਲਾਕਿਆਂ ਵਿਚ ਹੁੰਦਾ ਹੈ, ਜਿਸ ਵਿਚ ਸਮੱਗਲਰ ਅਤੇ ਘੁਸਪੈਠੀਆਂ ''ਤੇ ਜ਼ਿਆਦਾ ਟਾਰਗੈੱਟ ਕੀਤਾ ਜਾਂਦਾ ਹੈ, ਜਦੋਂ ਕਿ ਗੈਂਗਸਟਰਾਂ ''ਤੇ ਸਿੱਧੀ ਕਾਰਵਾਈ ਦੀ ਜ਼ਿੰਮੇਵਾਰੀ ਜ਼ਿਲਾ ਪੁਲਸ ਦੀ ਹੀ ਬਣਦੀ ਹੈ ਪਰ ਵਿੱਕੀ ਗੌਂਡਰ ਜਿਹੇ ਕਿੱਲਰ ਕਿਸੇ ਇਕ ਜ਼ਿਲੇ ਵਿਚ ਸੀਮਤ ਨਹੀਂ ਰਹਿੰਦੇ ਅਤੇ ਇਹ ਲੋਕ ਬਰਾਬਰ ਟਿਕਾਣੇ ਬਦਲਦੇ ਰਹਿੰਦੇ ਹਨ। ਗੁਰਦਾਸਪੁਰ ਵਿਚ ਹੋਈ ਘਟਨਾ ਬਾਰੇ ਆਈ. ਜੀ. ਨੌਨਿਹਾਲ ਸਿੰਘ ਨੇ ਕਿਹਾ ਕਿ ਬਾਰਡਰ ਰੇਂਜ ਦੀ ਪੁਲਸ ਜੋਸ਼ ਨਾਲ ਅਪਰਾਧੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।