ਜਲੰਧਰ ਵਿਚ ਐਨਕਾਊਂਟਰ ਤੋਂ ਬਾਅਦ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ

Tuesday, May 20, 2025 - 04:12 PM (IST)

ਜਲੰਧਰ ਵਿਚ ਐਨਕਾਊਂਟਰ ਤੋਂ ਬਾਅਦ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ

ਜਲੰਧਰ (ਵਰੁਣ, ਕੁੰਦਨ, ਪੰਕਜ) : ਗੈਂਗਸਟਰਾਂ 'ਤੇ ਸ਼ਿਕੰਜਾ ਕੱਸਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਸ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਮੁੱਠਭੇੜ ਤੋਂ ਬਾਅਦ ਦੋ ਬਦਨਾਮ ਗੈਂਗਸਟਰਾਂ ਆਕਾਸ਼ਦੀਪ ਸਿੰਘ ਅਤੇ ਗੌਰਵ ਕਪਿਲਾ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ। ਵੇਰਵਾ ਦਿੰਦੇ ਹੋਏ, ਸੀਪੀ ਜਲੰਧਰ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਮੁਕੱਦਮਾ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਦਰਜ ਕੀਤਾ ਗਿਆ ਅਤੇ ਧਾਰਾ 61(2) ਅਤੇ 103(1) BNS ਦੇ ਤਹਿਤ ਵਾਧਾ ਜੁਰਮ ਕੀਤਾ ਗਿਆ। ਦੋਸ਼ੀ ਆਕਾਸ਼ਦੀਪ ਸਿੰਘ ਉਰਫ਼ ਆਕਾਸ਼, ਪੁੱਤਰ ਹਰਿੰਦਰ ਸਿੰਘ, ਵਾਸੀ ਮਕਾਨ ਨੰਬਰ 331/6, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਜਿਸਦੇ ਖਿਲਾਫ਼ ਪਹਿਲਾਂ ਹੀ 16 ਮਕੱਦਮੇ ਦਰਜ ਹਨ ਅਤੇ ਦੋਸ਼ੀ ਗੌਰਵ ਕਪਿਲਾ ਪੁੱਤਰ ਸੰਜੀਵ ਕੁਮਾਰ ਵਾਸੀ ਮਕਾਨ ਨੰਬਰ NC 154, ਕੋਟ ਕਿਸ਼ਨ ਚੰਦ, ਜਲੰਧਰ ਖਿਲਾਫ 4 ਮਕੱਦਮੇ ਦਰਜ ਹਨ।

ਉਨ੍ਹਾਂ ਕਿਹਾ ਕਿ ਦੋਵਾਂ ਦੋਸ਼ੀਆਂ ਨੂੰ ਮੋਹਾਲੀ ਦੇ ਥਾਣਾ ਢਕੋਲੀ ਦੇ ਅਧਿਕਾਰ ਖੇਤਰ ਅਧੀਨ ਮੈਟਰੋ ਟਾਊਨ ਸੋਸਾਇਟੀ ਵਿਖੇ ਟਰੈਕ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਟੀਮ ਨੂੰ ਦੇਖ ਕੇ ਦੋਵਾਂ ਗੈਂਗਸਟਰਾਂ ਨੇ ਭੱਜਣ ਦੀ ਕੋਸ਼ਿਸ਼ ਵਿਚ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਤੇਜ਼ੀ ਨਾਲ ਜਵਾਬੀ ਕਾਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਇਹ ਮੁਕਾਬਲਾ ਹੋਇਆ। ਗੋਲੀਬਾਰੀ ਦੌਰਾਨ ਦੋਵੇਂ ਗੈਂਗਸਟਰ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 54 ਮਿਤੀ  20.05.2025 ਅਧਿਨ ਧਾਰਾ 109, 132, 221, 324(2) BNS, 25 ARMS ACT ਥਾਣਾ ਢਕੋਲੀ, ਜ਼ਿਲ੍ਹਾ ਮੋਹਾਲੀ ਵਿਖੇ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਕੋਲੋਂ 2 ਪਿਸਤੌਲ, 3 ਜ਼ਿੰਦਾ ਕਾਰਤੂਸ ਅਤੇ 6 ਵਰਤੇ ਹੋਏ ਕਾਰਤੂਸ ਬਰਾਮਦ ਕੀਤੇ ਗਏ।


author

Gurminder Singh

Content Editor

Related News