ਨਾਭਾ ਜੇਲ ਬ੍ਰੇਕ : 23 ਵਿਅਕਤੀਆਂ ਖਿਲਾਫ ਚਾਰਜ ਫਰੇਮ (ਦੇਖੋ ਤਸਵੀਰਾਂ)
Friday, Jul 07, 2017 - 06:58 AM (IST)
ਪਟਿਆਲਾ (ਬਲਜਿੰਦਰ) - ਨਾਭਾ ਜੇਲ ਬ੍ਰੇਕ ਮਾਮਲੇ ਵਿਚ ਅੱਜ ਐਡੀਸ਼ਨਲ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵਿਚ ਕੁੱਲ 23 ਵਿਅਕਤੀਆਂ ਖਿਲਾਫ ਚਾਰਜ ਫਰੇਮ ਕੀਤੇ ਗਏ। ਇਨ੍ਹਾਂ ਵਿਚੋਂ 8 ਖਿਲਾਫ ਅੱਜ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਸੀ। 15 ਖਿਲਾਫ ਪਹਿਲਾਂ ਹੀ ਚਲਾਨ ਪੇਸ਼ ਕੀਤਾ ਜਾ ਚੁੱਕਾ ਸੀ। ਜਿਨ੍ਹਾਂ ਖਿਲਾਫ ਚਾਰਜ ਫਰੇਮ ਕੀਤੇ ਗਏ ਸਨ, ਉਨ੍ਹਾਂ ਵਿਚ ਹਰਮਿੰਦਰ ਸਿੰਘ ਮਿੰਟੂ, ਨਾਭਾ ਜੇਲ ਬ੍ਰੇਕ ਦਾ ਮਾਸਟਰ ਮਾਈਂਡ ਪਲਵਿੰਦਰ ਸਿੰਘ ਪਿੰਦਾ, ਬਿੱਕਰ ਸਿੰਘ ਵਾਸੀ ਪਿੰਡ ਮੁੱਦਕੀ ( ਫਿਰੋਜ਼ਪੁਰ), ਜਗਤਵੀਰ ਸਿੰਘ ਵਾਸੀ ਪਿੰਡ ਰਾਮਪੁਰਾ (ਬਠਿੰਡਾ), ਭੀਮ ਸਿੰਘ, ਜਗਮੀਤ ਸਿੰਘ, ਤੇਜਿੰਦਰ ਸ਼ਰਮਾ ਵਾਸੀਆਨ ਨਾਭਾ, ਚਰਨਪ੍ਰੀਤ ਸਿੰਘ, ਹਰਜੋਤ ਸਿੰਘ, ਰਣਜੀਤ ਸਿੰਘ ਵਾਸੀਆਨ ਹੁਸ਼ਿਆਰਪੁਰ, ਨਰੇਸ਼ ਨਾਰੰਗ ਵਾਸੀ ਹਨੂੰਮਾਨਗੜ੍ਹ (ਰਾਜਸਥਾਨ), ਸੰਜੀਵ ਕਾਲੜਾ ਵਾਸੀ ਲੁਧਿਆਣਾ, ਮੁਹੰਮਦ ਆਸੀਮ ਵਾਸੀ ਉੱਤਰ ਪ੍ਰਦੇਸ਼, ਗੁਰਪ੍ਰੀਤ ਸਿੰਘ ਮਾਂਗੇਵਾਲ ਅਤੇ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਵਾਸੀਆਨ ਮੋਗਾ ਆਦਿ ਸ਼ਾਮਲ ਹਨ। ਚਾਰਜ ਫਰੇਮ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ 'ਤੇ ਪਾ ਦਿੱਤੀ ਹੈ।
ਅੱਜ ਸੁਣਵਾਈ ਦੌਰਾਨ ਪਹਿਲਾਂ ਬਚਾਅ-ਪੱਖ ਦੇ ਵਕੀਲਾਂ ਵੱਲੋਂ ਵਾਰੀ-ਵਾਰੀ ਚਾਰਜ ਫਰੇਮ 'ਤੇ ਬਹਿਸ ਕੀਤੀ ਗਈ। ਬਚਾਅ-ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਵੱਲੋਂ 307, 292, 223, 224, 120-ਬੀ, 148, 149, 353, 186, 212, 216, 489, ਅਸਲਾ ਐਕਟ ਅਤੇ ਅਨ-ਲਾਅਫੁਲ ਐਕਟੀਵਿਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਾਰਜ ਫਰੇਮ ਕਰ ਦਿੱਤੇ ਗਏ। ਬਚਾਅ ਧਿਰ ਵੱਲੋਂ ਐੈੱਸ. ਐੈੱਸ. ਸੱਗੂ, ਬਿਕਰਮਜੀਤ ਸਿੰਘ ਭੁੱਲਰ, ਦਰਸ਼ਨ ਸਿੰਘ ਨਾਭਾ ਤੇ ਹੋਰ ਵਕੀਲ ਵੀ ਪੇਸ਼ ਹੋਏ।
ਪੁਲਸ ਨੇ ਚਾਰਜ ਫਰੇਮ ਦੇ ਮੌਕੇ ਸਾਰਿਆਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਸੀ। ਪੁਲਸ ਵੱਲੋਂ 3 ਵਾਰ ਸਾਰਿਆਂ ਨੂੰ ਪੇਸ਼ ਕੀਤਾ ਗਿਆ। ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਜਿਹੜੇ ਵਿਅਕਤੀਆਂ ਖਿਲਾਫ ਚਲਾਨ ਪੇਸ਼ ਕੀਤੇ ਗਏ ਹਨ, ਉਨ੍ਹਾਂ ਨੂੰ ਵੱਖ-ਵੱਖ ਜੇਲਾਂ ਵਿਚੋਂ ਲਿਆ ਕੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ ਸੀ।
ਇਥੇ ਇਹ ਦੱਸਣਯੋਗ ਹੈ ਕਿ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ 'ਤੇ ਪਿਛਲੇ ਸਾਲ 27 ਨਵੰਬਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਕੇ 4 ਗੈਂਗਸਟਰਾਂ ਅਤੇ 2 ਅੱਤਵਾਦੀਆਂ ਨੂੰ ਛੁਡਾ ਲਿਆ ਸੀ। ਇਨ੍ਹਾਂ ਵਿਚੋਂ ਪੁਲਸ ਹੁਣ ਤੱਕ ਕੁੱਲ 4 ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇੱਕ ਅੱਤਵਾਦੀ ਅਤੇ ਗੈਂਗਸਟਰ ਵਿੱਕੀ ਗੌਂਡਰ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਸ ਨੇ ਇਸ ਮਾਮਲੇ ਵਿਚ ਹੁਣ ਤੱਕ ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਉਨ੍ਹਾਂ ਖਿਲਾਫ ਅਦਾਲਤ ਵੱਲੋਂ ਚਾਰਜ ਫਰੇਮ ਕਰ ਦਿੱਤੇ ਗਏ ਹਨ।
