ਨਾਭਾ ਮੈਕਸੀਮਮ ਸਕਿਓਰਿਟੀ ਜੇਲ੍ਹ ''ਚੋਂ 4 ਲਾਵਾਰਿਸ ਮੋਬਾਇਲ ਬਰਾਮਦ

Saturday, Oct 16, 2021 - 03:50 PM (IST)

ਨਾਭਾ (ਜੈਨ) : ਹਮੇਸ਼ਾ ਵਿਵਾਦਾਂ ਵਿਚ ਰਹਿਣ ਵਾਲੀ ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਵਿਚੋਂ ਚਾਰ ਲਾਵਾਰਿਸ ਮੋਬਾਇਲ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ। ਜੇਲ੍ਹ ਦੇ ਸਹਾਇਕ ਸੁਪਰੀਡੈਂਟ ਬਖਸ਼ੀਸ਼ ਲਾਲ ਅਨੁਸਾਰ ਬੈਰਕ ਨੰਬਰ-4 ਦੀ ਤਲਾਸ਼ੀ ਦੌਰਾਨ ਬਾਥਰੂਮ ਦੀ ਛੱਤ ਵਿਚ ਲੁਕੋ ਕੇ ਰੱਖੇ ਹੋਏ ਚਾਰ ਲਾਵਾਰਿਸ ਮੋਬਾਇਲ (ਵੀਵੋ, ਓਪੋ, ਜੀਓ ਤੇ ਰੈੱਡਮੀ ਕੰਪਨੀ) ਫੋਨ ਬਰਾਮਦ ਹੋਏ।

ਕੋਤਵਾਲੀ ਪੁਲਸ ਨੇ ਅਣਪਛਾਤੇ ਕੈਦੀ/ਹਵਾਲਾਤੀ ਖ਼ਿਲਾਫ਼ ਧਾਰਾ-52 ਏ ਪ੍ਰੀਜ਼ਨ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਤੰਬਰ 2006 ਵਿਚ ਇਸ ਜੇਲ੍ਹ ਵਿਚੋਂ ਪਹਿਲੀ ਵਾਰੀ ਮੋਬਾਇਲ ਇਕ ਖ਼ਤਰਨਾਕ ਅੱਤਵਾਦੀ ਦਯਾ ਸਿੰਘ ਲਾਹੋਰੀਆ ਪਾਸੋਂ ਬਰਾਮਦ ਹੋਇਆ ਸੀ। ਇਸ ਜੇਲ੍ਹ ਵਿਚ 27 ਨਵੰਬਰ, 2016 ਨੂੰ ਜੇਲ੍ਹ ਬ੍ਰੇਕ ਫਿਲਮੀ ਸਟਾਈਲ ਵਿਚ ਹੋਈ ਸੀ, ਜਿਸ ਵਿਚੋਂ ਫ਼ਰਾਰ ਇਕ ਅੱਤਵਾਦੀ ਕਸ਼ਮੀਰਾ ਸਿੰਘ ਅਜੇ ਤੱਕ ਪੁਲਸ ਦੀ ਪਕੜ ਤੋਂ ਦੂਰ ਹੈ ਅਤੇ ਜੇਲ੍ਹ ਬ੍ਰੇਕ ਵਿਚ ਮੋਸਟ ਵਾਂਟੇਡ ਖ਼ਤਰਨਾਕ ਗੈਂਗਸਟਰ ਰੋਮੀ ਨੂੰ ਪੁਲਸ ਹਾਂਗਕਾਂਗ ਤੋਂ ਭਾਰਤ ਲਿਆਉਣ ਲਈ ਲੰਬੇ ਅਰਸੇ ਤੋਂ ਯਤਨਸ਼ੀਲ ਹੈ।

ਜੇਲ੍ਹ ਵਿਚ ਲੱਗਿਆ ਕਰੋੜਾਂ ਰੁਪਏ ਦਾ ਜੈਮਰ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਪਿਛਲੇ 5 ਸਾਲਾਂ ਦੌਰਾਨ 400 ਤੋਂ ਵੱਧ ਮੋਬਾਇਲ ਜੇਲ੍ਹ ਵਿਚੋਂ ਬਰਾਮਦ ਹੋ ਚੁੱਕੇ ਹਨ। ਗੈਂਗਸਟਰ ਤੇ ਅੱਤਵਾਦੀ ਇਸ ਜੇਲ੍ਹ ਨੂੰ ਹਮੇਸ਼ਾ ਆਪਣੇ ਆਪ ਲਈ ਸੁਰੱਖਿਅਤ ਜੇਲ੍ਹ ਮੰਨਦੇ ਹਨ।
 


Babita

Content Editor

Related News