ਨਾਭਾ ਜੇਲ ''ਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ (ਵੀਡੀਓ)
Monday, Aug 27, 2018 - 12:17 PM (IST)
ਨਾਭਾ(ਰਾਹੁਲ ਖੁਰਾਨਾ)— ਪੂਰੇ ਦੇਸ਼ 'ਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਪਵਿੱਤਰ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਇਸ ਪਵਿੱਤਰ ਤਿਉਹਾਰ ਮੌਕੇ ਨਾਭਾ ਦੀ ਨਵੀਂ ਜ਼ਿਲਾ ਜੇਲ ਤੇ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ 'ਚ ਬੰਦੀ ਭਰਾਵਾਂ ਦੀਆਂ ਭੈਣਾਂ ਵਲੋਂ ਰੱਖੜੀ ਬੰਨ ਕੇ ਖੁਸ਼ੀ ਜ਼ਾਹਿਰ ਕੀਤੀ ਗਈ। ਇਸ ਮੌਕੇ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੇਲਾਂ 'ਚ ਬੰਦ ਕੈਦੀਆਂ ਨੂੰ ਰੱਖੜੀ ਮੌਕੇ ਵਿਸ਼ੇਸ਼ ਛੋਟ ਦਿੱਤੀ ਗਈ ਹੈ, ਜਿਸ ਤਹਿਤ ਬੰਦੀ ਕੈਦੀਆਂ ਦੀਆਂ ਭੈਣਾਂ ਨੇ ਉਨ੍ਹਾਂ ਨੂੰ ਰੱਖੜੀ ਬੰਨ੍ਹੀਆਂ। ਇਸ ਲਈ ਪੁਲਸ ਪ੍ਰਸ਼ਾਸਨ ਵਲੋਂ ਵਿਸ਼ੇਸ਼ ਇੰਤਜ਼ਾਮ ਵੀ ਕੀਤੇ ਗਏ।
ਇਸ ਮੌਕੇ ਜੇਲ 'ਚ ਬੰਦ ਕੈਦੀ ਭਰਾਵਾਂ ਨੇ ਸਰਕਾਰ ਵਲੋਂ ਦਿੱਤੀ ਇਸ ਵਿਸ਼ੇਸ਼ ਛੋਟ ਲਈ ਜੇਲ ਪ੍ਰਸ਼ਾਸਨ ਤੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਉਥੇ ਹੀ ਭੈਣਾਂ ਨੇ ਆਪਣੇ ਵੀਰਾਂ ਨੂੰ ਬੁਰੇ ਕੰਮ ਛੱਡ ਕੇ ਸਹੀ ਰਾਹ 'ਤੇ ਚਲ ਕੇ ਆਪਣੀ ਜ਼ਿੰਦਗੀ ਜਿਊਣ ਦੀ ਪ੍ਰੇਰਣਾ ਵੀ ਦਿੱਤੀ।