ਮੇਰੇ ਪਿੰਡ ਦੇ ਲੋਕ - ਚਾਚਾ ਨੰਬਰਦਾਰ

Sunday, Apr 12, 2020 - 02:17 PM (IST)

ਮੇਰੇ ਪਿੰਡ ਦੇ ਲੋਕ - ਚਾਚਾ ਨੰਬਰਦਾਰ

ਕਿਸ਼ਤ 2

ਰੁਪਿੰਦਰ ਸੰਧੂ

ਤਿੰਨ ਕੁ ਮਹੀਨੇ ਪਹਿਲਾਂ ਮਾਂ ਦਾ ਫੋਨ ਆਇਆ, ਕਹਿੰਦੀ," ਚਾਚਾ ਨੰਬਰਦਾਰ ਰਾਤੀਂ ਪੂਰਾ ਹੋ ਗਿਆ। ਮਨ ਉਦਾਸ ਹੋ ਗਿਆ ਸੁਣਕੇ। ਪੰਜਾਂ ਮਹੀਨਿਆਂ ਤੋਂ ਕੈਂਸਰ ਨਾਲ ਜੂਝ ਰਿਹਾ ਸੀ ਚਾਚਾ ਨੰਬਰਦਾਰ। ਮੈਂ ਨਿਆਣੀਂ ਜਿਹੀ ਸੀ ਅਤੇ ਮੇਰੇ ਜੱਦੀ ਘਰ ਜਿੱਥੇ ਮੇਰੇ ਬੇਬੇ -ਬਾਪੂ ਜੀ ਤੇ ਦੋ ਤਾਇਆਂ ਜੀ ਹੁਣੀਂ ਰਹਿੰਦੇ ਸੀ, ਉਸ ਦੇ ਨਾਲ ਹੀ ਘਰ ਸੀ ਚਾਚੇ ਨੰਬਰਦਾਰ ਦਾ । ਉਸ ਗਲੀ ’ਚ ਦਿਨ ’ਚ ਚਾਰ ਪੰਜ ਗੇੜੇ ਲੱਗ ਜਾਣੇਂ। ਮੇਰੀ ਮਾਂ ਨੇ ਕੁਝ ਨਾਂ ਕੁਝ ਕੰਮ ਭੇਜੀ ਰੱਖਿਆ ਕਰਨਾਂ ਵੱਡੇ ਤਾਇਆ ਜੀ ਹੁਣਾਂ ਦੇ ਘਰ। ਇਕ ਤਾਇਆ ਜੀ ਅਤੇ ਮੇਰੇ ਡੈਡੀ ਦੋਵੇਂ ਪਿੰਡ ਦੇ ਬਾਹਰ-ਬਾਹਰ ਫਿਰਨੀ ਵਾਲੇ ਘਰ ’ਚ ਰਹਿੰਦੇ ਸਨ। ਚਾਚੇ ਨੰਬਰਦਾਰ ਦੀ ਗਲੀ ’ਚ ਮੇਰੀ ਸਹੇਲੀ ਲਾਲੀ ਦਾ ਘਰ ਵੀ ਸੀ। ਚਾਚੇ ਨੰਬਰਦਾਰ ਦੇ ਔਲਾਦ ਕੋਈ ਨਹੀਂ ਸੀ। ਕਈ ਵਰ੍ਹੇ ਹੋ ਗਏ ਸੀ, ਚਾਚੇ ਦੇ ਵਿਆਹ ਨੂੰ। ਅਸਲ ’ਚ ਉਮਰ ’ਚ ਉਹ ਮੇਰੇ ਪਿਓ ਅਤੇ ਤਾਏ ਹੁਣਾਂ ਦਾ ਵੀ ਚਾਚਾ ਹੀ ਲੱਗਦਾ ਸੀ ਪਰ ਅਸੀਂ ਨਿਆਣੇਂ ਉਹਨੂੰ ਸ਼ਾਇਦ ਮਾਂ - ਪਿਓ ਦੀ ਰੀਸ ਹੀ ਚਾਚਾ ਕਹਿਣ ਲੱਗੇ ਸੀ। ਜਦ ਵੀ ਮੈਂ ਤੇ ਲਾਲੀ ਨੇਂ ਗਲੀ ’ਚ ਖੇਡਦੀਆਂ ਹੋਣਾਂ ਤਾਂ ਚਾਚੇ ਨੇ ਕਿੰਨਾਂ-ਕਿੰਨਾਂ ਸਮਾਂ ਸਾਡੇ ਦੋਵਾਂ ਨਾਲ ਗੱਲੀਂ ਲੱਗੇ ਰਹਿਣਾ।

ਸ਼ਾਇਦ ਔਲਾਦ ਦਾ ਨਾਂ ਹੋਣਾਂ ਕੋਈ ਗੁੱਝੀ ਪੀੜ ਤਾਂ ਦਿੰਦਾ ਹੋਣਾ ਪਰ ਉਹ ਚਾਚੇ ਦੇ ਮੂੰਹ ’ਤੇ ਕਦੀ ਨਹੀਂ ਸੀ ਵੇਖੀ ਮੈਂ। ਸ਼ਾਇਦ ਨਿਆਣੀਂ ਹੋਣ ਕਰਕੇ ਉਦੋਂ ਮੈਨੂੰ ਹਲੇ ਚਿਹਰਿਆਂ ਦੀ ਪੀੜ ਨਹੀਂ ਸੀ ਪੜ੍ਹਨੀ ਆਉਂਦੀ। ਕਈ ਵਾਰ ਚਾਚੀ ਨੇ ਮੈਨੂੰ ਤੇ ਲਾਲੀ ਨੂੰ ਅਵਾਜ਼ ਮਾਰਨੀ, " ਕੱਲ੍ਹ ਤੁਹਾਡਾ ਚਾਚਾ ਸ਼ਹਿਰ ਗਿਆ ਸੀ, ਕਹਿੰਦਾ ਦੋਵੇਂ ਕੁੜੀਆਂ ਆਈਆਂ ਤਾਂ ਇਹ ਟੌਫੀਆਂ ਦੇ ਦਵੀਂ ਉਨ੍ਹਾਂ ਨੂੰ, ਟੌਫੀਆਂ ਨਾਲ ਕਦੇ- ਕਦੇ ਕੁਝ ਪੈੱਨ -ਪੈਨਸਿਲਾਂ ਵੀ ਹੁੰਦੀਆਂ ਸੀ । ਸੱਥ ਵਿਚ ਲੱਗੇ ਵੱਡੇ ਪਿੱਪਲ ਦੇ ਥੱਲੇ ਜਦੋਂ ਪਿੰਡ ਦੇ ਬੰਦੇ ਬੈਠ ਤਾਸ਼ ਖੇਡਦੇ ਹੁੰਦੇ ਸੀ ਤਾਂ ਚਾਚੇ ਦੀ ਉੱਚੀ -ਉੱਚੀ ਹੱਸਦੇ ਦੀ ਅਵਾਜ਼ ਜਿਹੜੀ ਨਿੱਕੇ ਹੁੰਦਿਆਂ ਕੰਨਾਂ ਨੂੰ ਸੁਣਦੀ ਸੀ, ਉਹ ਅੱਜ ਵੀ ਸੁਣਦੀ ਏ ਲੱਗਦਾ  ਜਿਵੇਂ। 

PunjabKesari

ਚਾਚੇ ਦੇ ਤੁਰ ਜਾਣ ਤੋਂ ਪੰਦਰਾਂ ਦਿਨਾਂ ਬਾਅਦ ਜਦੋਂ ਚਾਚੇ ਦੇ ਘਰ ਗਈ ਤਾਂ ਇੱਕਲੀ ਚਾਚੀ ਵਿਹੜੇ ’ਚ ਮੰਜੀ ਡਾਹੀ ਬੈਠੀ ਸੀ। ਇਓਂ ਮਿਲੀ ਜਿਵੇਂ-ਆਪਣੀ ਕਿਸੇ ਢਿੱਡ ਦੀ ਆਂਦਰ ਨੂੰ ਮਿਲਦਾ ਕੋਈ । ਕਹਿੰਦੀ, " ਚਾਰ ਕੁ ਮਹੀਨਿਆਂ ਤੋਂ ਬੜਾ ਹੀ ਔਖਾ ਸੀ ਤੇਰਾ ਚਾਚਾ, ਜਦੋਂ ਹਸਪਤਾਲ ਨੂੰ ਤੁਰਦੇ ਸੀ ਤਾਂ ਤੀਹ-ਤੀਹ ਹਜ਼ਾਰ ਜੇਬ ’ਚ ਪਾ ਕੇ ਤੁਰਦਾ ਸੀ। ਕਹਿੰਦਾ ਸੀ, " ਤੈਨੂੰ ਹੱਥ ਨਾਂਹ ਅੱਡਣੇ ਪੈਣ ਕਿਸੇ ਕੋਲ । ਸਾਰਾ ਦਿਨ ਕਹਿੰਦਾ ਰਹਿੰਦਾ ਸੀ, " ਛੱਡ ਪਰਾਂ ਕੰਮਾਂ ਨੂੰ, ਘੜੀ ਬਹਿ ਜਾ ਮੇਰੇ ਕੋਲ, ਕੋਈ ਗੱਲਾਂ ਕਰ ਲਿਆ ਕਰ। ਬਾਅਦ ’ਚ ਤੂੰ ਕੰਮ ਹੀ ਕਰਨੇ ਸ਼ਿੰਦਰ ਕੁਰੇ। ਫਿਰ ਪੁੱਤ ਪੁਰਾਣੇ ਵੇਲੇ ਯਾਦ ਕਰਦਾ ਸੀ, " ਵੇਖ ਸ਼ਿੰਦਰ ਕੁਰੇ ਕਿੰਨੀਂ ਰੌਣਕ ਹੁੰਦੀ ਸੀ ਦਰਵਾਜ਼ੇ ਪਿੱਪਲ ਥੱਲੇ, ਹੁਣ ਤਾਂ ਕਾਂ ਵੀ ਨੀਂ ਬੋਲਦੇ, ਅੱਧੇ ਪਿੰਡ ਦੇ ਨਿਆਣੇ ਖੇਡਦੇ ਸੀ ਦੇਖ ਲੈ ਇਸ ਦੇ ਥੱਲੇ, ਹੁਣ ਤਾਂ ਖੌਰੇ ਕਿੱਧਰ ਉੱਡ ਗਏ ਨੇ। ਤੈਨੂੰ ਅਤੇ ਲਾਲੀ ਨੂੰ ਵੀ ਬਹੁਤਾ ਯਾਦ ਕਰਦਾ ਸੀ ਪੁੱਤ। ਅਖੀਰਲੇ ਸੱਤ ਅੱਠ ਦਿਨ ਬਹੁਤਾ ਔਖਾ ਸੀ, ਹੁਣ ਤਾਂ ਰੋਟੀ ਵੀ ਨਹੀਂ ਸੀ ਲੰਘਦੀ, ਮੈਨੂੰ ਕਿਹਾ ਕਰੇ, " ਇਹ ਚਾਬੀਆਂ ਸੰਭਾਲ ਲਵੀਂ, ਕੁੰਡਾ - ਜਿੰਦਰਾ ਵੇਲੇ ਨਾਲ ਹੀ ਲਾ ਲਿਆ ਕਰੀਂ। ਐਵੇਂ ਨਾਂਹ ਝੱਲੀ ਹੋਈ ਫਿਰੀਂ।

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ - ਸੰਤ ਦੀ ਮਾਂ (1)

ਇਕ ਦਿਨ ਸਭ ਨੇ ਜਾਣਾਂ , ਹੋਰ ਕਿਹੜਾ ਆਪਾਂ ਇਕੱਠਿਆਂ ਨੇ ਜਾਣਾ ਸੀ । ਹੁਣ ਤਾਂ ਪਹਿਲਾਂ ਵਰਗਾ ਆਂਢ -ਗੁਆਂਢ ਵੀ ਨੀਂ ਕੋਈ ਔਖੇ ਵੇਲੇ ਅਵਾਜ਼ ਸੁਣਦੇ, ਇਹ ਫੋਨ ਦੀ ਬੈਟਰੀ ਫੁੱਲ ਹੀ ਰੱਖਿਆ ਕਰੀਂ , ਔਖੇ ਵੇਲੇ ਕਿਸੇ ਨੂੰ ਕਰਨਾ ਪੈ ਜਾਂਦਾ। ਕਹਿੰਦੀ -ਕਹਿੰਦੀ ਰੋਣ ਲੱਗ ਗਈ। ਮਸਾਂ ਚੁੱਪ ਕਰਵਾਈ। ਕਹਿੰਦੀ, "ਪਰਸੋਂ ਸਵੇਰੇ ਮੈਨੂੰ ਭੁਲੇਖਾ ਜਿਹਾ ਪਿਆ ਪੁੱਤ ," ਜਦੋਂ ਪਾਠੀ ਬੋਲਿਆ ਗੁਰਦੁਆਰੇ ,ਮੈਨੂੰ ਕਹਿੰਦਾ ਉੱਠ ਜਾ ਸ਼ਿੰਦਰ ਕੁਰੇ, ਚਾਹ ਬਣਾ ਲੈ। ਮੈਂ ਅੱਬੜ ਵਾਹੇ ਉੱਠੀ ਪੁੱਤ, ਭੱਜ ਕੇ ਵੱਡੀ ਬੈਠਕ ’ਚ ਗਈ, ਉੱਥੇ ਤਾਂ ਹੈ ਹੀ ਨਹੀਂ ਸੀ, ਪੌੜੀਆਂ ਚੜ੍ਹ ਚੁਬਾਰੇ ’ਚ ਵੀ ਵੇਖਿਆ, ਉੱਥੇ  ਵੀ ਨਹੀਂ ਸੀ, ਫਿਰ ਤਾਂ ਮੈਨੂੰ ਡਰ ਜਿਹਾ ਲੱਗਣ ਲੱਗ ਪਿਆ ਪੁੱਤ। ਮੈਂ ਬਿੰਦਰ ਦੀ ਮਾਂ ਨੂੰ ਪੁੱਛਿਆ, ਉਹ ਕਹਿੰਦੀ ," ਕੋਈ ਰੀਝ ਰਹਿ ਗਈ ਹੋਣੀਂ ਏ ਸ਼ਿੰਦਰ ਕੁਰੇ ਤਾਂ ਹੀ ਦਿਖਿਆ ਤੈਨੂੰ। ਮੈਂ ਕਿਹਾ, "ਭੈਣੇਂ ਉਸ ਨੇ ਗੱਲਾਂ ਤਾਂ ਬਥੇਰੀਆਂ ਕੀਤੀਆਂ ਅਖੀਰੀ ਵੇਲੇ ਪਰ ਕੁਝ ਦੱਸ ਦਿੰਦਾ, ਮੈਂ ਉਹ ਵੀ ਗੱਲ ਪੂਰੀ ਕਰ ਦਿੰਦੀਂ। ਫਿਰ ਇੰਨਾਂ ਕਹਿੰਦੀ ਨੇ ਹਾਉਂਕਾ ਜਿਹਾ ਲਿਆ ਚਾਚੀ ਨੇ। 

ਉਹ ਕਹਿੰਦੀ ਰਹੀ ਤੇ ਮੈਂ ਨਮ ਅੱਖਾਂ ਨਾਲ ਸੁਣਦੀ ਰਹੀ । ਜਿਹੜੇ ਵਿਹੜੇ ’ਚ ਮੇਰੀਆਂ ਤੇ ਲਾਲੀ ਦੀਆਂ ਢੇਰਾਂ ਗੱਲਾਂ ਹੁੰਦੀਆਂ ਸੀ, ਅੱਜ ਉਸ ਵਿਹੜੇ ’ਚ ਕੁਝ ਕੁ ਘੰਟੇ ਬੈਠਣਾ ਹੀ ਕਿੰਨੀਆਂ ਪੀੜਾਂ ਦੇ ਗਿਆ ਸੀ ਅਤੇ ਜਿਸ ਗਲੀ ’ਚ ਫੁੱਲਾਂ ਵਾਂਗ ਉੱਡਦੇ ਰਹੀਦਾ ਸੀ, ਅੱਜ ਉਸੇ ਗਲੀ ’ਚੋਂ ਲੰਘਦਿਆਂ ਪੈਰਾਂ ’ਤੇ ਦਿਲ ਦੋਵਾਂ ’ਤੇ ਕਿੰਨਾਂ ਕੁ ਭਾਰ ਪੈ ਗਿਆ ਸੀ,ਉਹ ਮੈਂ ਹੀ ਜਾਣਦੀ ਹਾਂ ਬਸ....

 


author

rajwinder kaur

Content Editor

Related News