ਜਲੰਧਰ ਦਿਹਾਤੀ ਨੂੰ ਨਸ਼ਾ ਅਤੇ ਜੁਰਮ ਮੁਕਤ ਕਰਵਾਉਣ ਮੇਰਾ ਮੁੱਖ ਟੀਚਾ- ਐੱਸ.ਐੱਸ.ਪੀ. ਸਵਪਨ ਸ਼ਰਮਾ

05/24/2022 4:27:08 PM

ਜਲੰਧਰ(ਸੁਧੀਰ) : ਜਲੰਧਰ ਦਿਹਾਤੀ 'ਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਲਈ ਤੇਜ਼-ਤਰਾਰ ਐੱਸ.ਐੱਸ.ਪੀ. ਦਿਹਾਤੀ ਸਵਪਨ ਸ਼ਰਮਾ ਨੇ ਪੂਰੀ ਤਰ੍ਹਾ ਕਮਰ ਕੱਸ ਲਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਜਲੰਧਰ ਦਿਹਾਤੀ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਦਿਹਾਤੀ ਇਲਾਕੇ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਲਾਅ ਐਂਡ ਆਰਡਰ ਨੂੰ ਮੇਨ-ਟੇਨ ਰੱਖਣ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਅਧਿਕਾਰੀਆਂ ਨਾਲ ਇਕ ਹੋਰ ਮੀਟਿੰਗ ਕਰ ਕੇ ਦਿਹਾਤੀ ਇਲਾਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਦਿਹਾਤੀ ਹਲਕੇ ਨੂੰ ਨਸ਼ਾ ਅਤੇ ਜੁਰਮ ਮੁਕਤ ਬਣਾਉਣ ਉਨ੍ਹਾਂ ਦਾ ਮੁੱਖ ਟੀਚਾ ਹੈ। ਐੱਸ.ਐੱਸ.ਪੀ ਦਾ ਚਾਰਜ ਸੰਭਾਲਣ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਸ਼ਾ ਅਤੇ ਸ਼ਰਾਬ ਸਮੱਗਲਰਾਂ 'ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਮੁਲਜ਼ਮਾਂ ਅਤੇ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਮੁਲਜ਼ਮ ਜਾਂ ਅਧਿਕਾਰੀ ਦੀ ਕਿਸੇ ਨਸ਼ਾ ਸਮੱਗਲਰ ਨਾਲ ਕੋਈ ਮਿਲੀਭੁਗਤ ਪਾਈ ਗਈ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸ਼ਰਮਾ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਅੰਦਰ ਹੀ ਦਿਹਾਤੀ ਪੁਲਸ ਨੇ 43 ਸਮੱਗਲਰਾਂ 'ਤੇ ਮਾਮਲੇ ਦਰਜ ਕਰ ਕੇ 47 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ  ਭਾਰੀ ਮਾਤਰਾ ਵਿਚ ਨਸ਼ੇ ਦੀ ਖੇਪ ਅਤੇ ਡੇਢ ਲੱਖ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਸੀ।

ਇਹ ਵੀ ਪੜ੍ਹੋ- ਨਸ਼ੇ ਨੂੰ ਲੈ ਕੇ ਫਿਲੌਰ ਫਿਰ ਸੁਰਖ਼ੀਆਂ 'ਚ, ਹੁਣ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਉਨ੍ਹਾਂ ਸਮੱਗਲਰਾਂ ਦਾ ਪਿਛਲੇ 10 ਸਾਲ ਡਾਟਾ ਇਕੱਤਰ ਕੀਤਾ ਹੈ, ਜਿਸ ਦੇ ਨਾਲ ਹੀ ਉਕਤ ਡਾਟਾ ਨੂੰ 3 ਹਿੱਸਿਆ ਵਿਚ ਵੰਡਿਆ ਗਿਆ ਹੈ ਅਤੇ ਡਾਟਾ ਦੇ ਆਧਾਰ 'ਤੇ ਸਮੱਗਲਰਾਂ ਦੀ ਕਾਰਗੁਜ਼ਾਰੀ 'ਤੇ ਨਜ਼ਰ ਰੱਖਣ ਲਈ ਕਈ ਸਮੱਗਲਰਾਂ ਦੇ ਘਰਾਂ ਦੀ ਸਰਚ ਵੀ ਕੀਤੀ ਗਈ। ਐੱਸ.ਐੱਸ.ਪੀ ਨੇ ਦੱਸਿਆ ਕਿ ਦਿਹਾਤੀ ਪੁਲਸ ਦੀ ਸਖ਼ਤੀ ਕਾਰਨ ਕਈ ਸਮੱਗਲਰ ਆਪਣੇ ਘਰ ਛੱਡ ਕੇ ਫ਼ਰਾਰ ਹੋ ਗਏ ਹਨ, ਜਦੋਂ ਕਿ ਕਈ ਸਮੱਗਲਰਾਂ ਨੇ ਪੁਲਸ ਦੇ ਖੌਫ਼ ਕਾਰਨ ਆਪਣੇ ਮੋਬਾਇਲ ਨੰਬਰ ਬਦਲ ਲਏ ਹਨ। ਉਧਰ ਹੀ ਪੁਰਾਣੇ ਸਮੱਗਲਰਾਂ ਦਾ ਰਿਕਾਰਡ ਚੈੱਕ ਕਰਕੇ ਉਨ੍ਹਾਂ ਨੂੰ ਵੀ ਥਾਣਿਆਂ ਵਿਚ ਜਾਂਚ ਲਈ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਦਿਹਾਤੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਨਸ਼ੇ ਜਾ ਹੋਰ ਨਾਜਾਇਜ਼ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਬੇਝਿਜਕ ਪੁਲਸ ਨੂੰ ਦਿੱਤੀ ਜਾਵੇ।

ਇਹ ਵੀ ਪੜ੍ਹੋ- ਦਿਲ-ਦਿਮਾਗ 'ਚ ਦਹਿਸ਼ਤ ਪੈਦਾ ਕਰਦੀ ਹੈ ਸਾਈਬਰ ਸਟਾਕਿੰਗ, ਜਾਣੋ ਇਕ ਡਾਕਟਰ ਪਰਿਵਾਰ ਦੀ ਕਹਾਣੀ​​​​​​​

ਉਨ੍ਹਾਂ ਦੱਸਿਆ ਕਿਹਾ ਦਿਹਾਤੀ ਪੁਲਸ ਨੇ ਕਾਰਵਾਈ ਕਰਦਿਆਂ ਫਿਲੌਰ ਅਕੈਡਮੀ ਵਿਚ ਡਰੱਗ ਕੁਨੈਕਸ਼ਨ ਬ੍ਰੇਕ ਕਰ ਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਉਨ੍ਹਾਂ ਸਾਫ਼ ਕਿਹਾ ਕਿ ਨਸ਼ਾ ਸਮੱਗਲਿੰਗ ਅਤੇ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇ ਉਹ ਕੋਈ ਵਾ ਕਿਉਂ ਨਾ ਹੋਵੇ।

ਖੁਦ ਫੀਲਡ 'ਚ ਨਿਕਲ ਕੇ ਲੈ ਰਿਹਾ ਹਨ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ

ਐੱਸ.ਐੱਸ.ਪੀ. ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਦਿਹਾਤੀ ਹਲਕੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਰੇ ਅਧਿਕਾਰੀਆਂ ਨੂੰ ਨਾਕਾਬੰਦੀ ਕਰਨ ਅਤੇ ਚੈਕਿੰਗ ਮੁਹਿੰਮ ਸ਼ੁਰੂ ਕਰਨ  ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਅਧਿਕਾਰੀਆਂ ਨੂੰ ਆਪਣੇ-ਆਪਣੇ ਇਲਾਕੇ 'ਚ ਦੇਰ ਰਾਤ ਤੱਕ ਖੁਦ ਫੀਲਡ ਵਿਚ ਨਿਕਲ ਕੇ ਸੁਰੱਖਿਆ ਦਾ ਜਾਇਜ਼ਾ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਉਹ ਖੁਦ ਵੀ ਦੇਰ ਰਾਤ ਤੱਕ ਜ਼ਮੀਨੀ ਪੱਧਰ 'ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ।

ਸ਼ੱਕੀਆਂ 'ਤੇ ਨਜ਼ਰ ਰੱਖ ਰਹੀ ਹੈ ਪੁਲਸ 

ਉਨ੍ਹਾਂ ਦੱਸਿਆ ਕਿ ਦਿਹਾਤੀ ਪੁਲਸ ਨੇ ਸ਼ੱਕੀ ਲੋਕਾਂ ਅਤੇ ਨਸ਼ਾ ਸਮੱਗਲਰਾਂ ਦੀ ਨਕੇਲ ਕੱਸਣ ਲਈ ਖੁਫ਼ੀਆ ਸਥਾਨਾਂ 'ਤੇ ਦਰਜ਼ਨਾਂ ਸੀ.ਸੀ.ਟੀ.ਵੀ ਕੈਮਰੇ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਸ ਸ਼ੱਕੀਆਂ 'ਤੇ ਪੂਰੀ ਨਜ਼ਰ ਰੱਖ ਰਹੀ ਹੈ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਕੈਮਰਿਆਂ ਨਾਲ ਛੇੜਛਾੜ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਜਨਤਾ ਨੂੰ ਮਿਲੇਗਾ ਇਨਸਾਫ਼, ਮੁਲਜ਼ਮਾਂ 'ਤੇ ਚੱਲੇਗਾ ਪੁਲਸ ਦਾ ਡੰਡਾ

ਐੱਸ.ਐੱਸ.ਪੀ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਜਨਤਾ ਨੂੰ ਇਨਸਾਫ਼ ਮਿਲੇਗਾ ਅਤੇ ਮੁਲਜ਼ਮਾਂ 'ਤੇ ਪੁਲਸ ਦਾ ਡੰਡਾ ਚੱਲੇਗਾ। ਉਨ੍ਹਾਂ ਕਿਹਾ ਕਿ ਸਾਰੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਥਾਣਾ ਪੱਧਰ 'ਤੇ ਹੀ ਹੱਲ ਕਰਨ ਨੂੰ ਕਿਹਾ ਗਿਆ ਹੈ ਤਾਂ ਜੋ ਲੋਕਾਂ ਨੂੰ ਵਾਰ- ਵਾਰ ਥਾਣਿਆਂ ਦੇ ਚੱਕਰ ਨਾ ਮਾਰਨੇ ਪੈਣ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ ਦਫ਼ਤਰ ਦੀ ਹਰ ਕਾਰਗੁਜ਼ਾਰੀ 'ਤੇ ਉਹ ਆਪਣੇ ਦਫ਼ਤਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਜ਼ਰੀਏ ਨਜ਼ਰ ਰੱਖ ਰਹੇ ਹਨ। 

ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਲੈ ਕੇ ਪੂਰੇ ਪਾਬੰਦ ਹਨ।ਉਹ ਰੋਜ਼ ਸਵੇਰੇ 9 ਤੋਂ ਸ਼ਾਮ 6-7 ਵਜੇ ਤੱਕ ਆਪਣੇ ਦਫ਼ਤਰ ਵਿਚ ਲੋਕਾਂ ਦੀ ਸੇਵਾ ਲਈ ਬੈਠਦੇ ਹਨ। ਜੇਕਰ ਕਿਸੇ ਵੀ ਵਿਅਕਤੀ ਨੂੰ ਇਨਸਾਫ਼ ਨਹੀਂ ਮਿਲਦਾ ਜਾਂ ਫਿਰ ਕੋਈ ਕੰਮ ਦੇ ਬਦਲੇ ਰਿਸ਼ਵਤ ਮੰਗਦਾ ਹੈ ਤਾਂ ਉਕਤ ਵਿਅਕਤੀ ਉਨ੍ਹਾਂ ਦੇ ਦਫ਼ਤਰ ਵਿਚ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਕੇ ਜਾਣਕਾਰੀ ਦੇ ਸਕਦਾ ਹੈ। ਉਕਤ ਵਿਅਕਤੀ ਨੂੰ ਤਰੁੰਤ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੈਂਡਿੰਗ ਸ਼ਿਕਾਇਤ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News