ਮੁਸਲਮਾਨਾਂ ਦੇ ਰੋਜ਼ਿਆਂ ''ਚ ਸਿੱਖਾਂ ਦੀ ਮੁਹੱਬਤ ਭਰੀ ਇਫਤਾਰੀ
Tuesday, Apr 28, 2020 - 10:02 PM (IST)
ਚੰਡੀਗੜ੍ਹ,(ਰਮਨਜੀਤ) : ਕੋਰੋਨਾ ਸੰਕਰਮਣ ਕਾਰਨ ਬਣਾਈ ਜਾ ਰਹੀ ਹੈ ਸੋਸ਼ਲ ਡਿਸਟੈਂਸਿੰਗ ਦੇ ਵਿਚਕਾਰ ਹੀ ਪੰਜਾਬ ਦੇ ਮਾਨਸਾ ਜ਼ਿਲੇ ਤੋਂ ਇੱਕ ਸੁਖਦ ਖਬਰ ਆਈ ਹੈ। ਇਸ 'ਚ ਵੱਖ-ਵੱਖ ਧਰਮਾਂ ਵਿਚਕਾਰ ਭਾਈਚਾਰਕ ਸਾਂਝ ਅਤੇ ਮੁਹੱਬਤ ਦਾ ਪੈਗਾਮ ਦਿੱਤਾ ਜਾ ਰਿਹਾ ਹੈ। ਮਾਮਲਾ ਇਹ ਹੈ ਕਿ ਮਾਨਸਾ ਜ਼ਿਲੇ 'ਚ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਤਬਲੀਗੀ ਜਮਾਤ ਦੇ ਮੁਸਲਮਾਨ ਭਾਈਚਾਰੇ ਨਾਲ ਜੁੜੇ ਕੁੱਝ ਵਿਅਕਤੀ ਆਪਣੇ ਇਲਾਜ ਦੌਰਾਨ ਰੋਜ਼ੇ ਰੱਖ ਕੇ ਆਪਣਾ ਧਾਰਮਿਕ ਫਰਜ਼ ਵੀ ਨਿਭਾਅ ਰਹੇ ਹਨ। ਉਥੇ ਹੀ ਹਸਪਤਾਲ 'ਚ ਦਾਖਲ ਇਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਸਿੱਖਾਂ ਵਲੋਂ ਸੇਹਰੀ ਅਤੇ ਇਫਤਾਰੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਸੇਹਰੀ ਅਤੇ ਇਫਤਾਰੀ ਰੋਜ਼ਾ ਰੱਖਣ ਵਾਲੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਲਈ ਵਿਸ਼ੇਸ਼ ਸਮਾਂ ਅਤੇ ਖਾਣ-ਪੀਣ ਨਾਲ ਜੁੜਿਆ ਹੋਇਆ ਹੈ।
ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ 'ਚ ਸ਼ਾਮਿਲ ਹੋਣ ਤੋਂ ਬਾਅਦ ਮਾਨਸਾ ਦੇ ਬੁਢਲਾਡਾ ਕਸਬੇ 'ਚ ਜਮਾਤ ਨਾਲ ਜੁੜੇ 13 ਲੋਕ ਪੀੜਤ ਪਾਏ ਗਏ ਸਨ, ਜੋ ਲਗਾਤਾਰ ਪ੍ਰਸ਼ਾਸਨ ਦੀ ਨਿਗਰਾਨੀ 'ਚ ਸਿਵਲ ਹਸਪਤਾਲ ਮਾਨਸਾ 'ਚ ਇਲਾਜ ਅਧੀਨ ਹਨ, ਇਨ੍ਹਾਂ 'ਚੋਂ 5 ਮੁਸਲਮਾਨ ਰੋਜ਼ਾ ਰੱਖ ਰਹੇ ਹਨ, ਜਿਨ੍ਹਾਂ ਲਈ ਸੇਹਰੀ ਅਤੇ ਇਫਤਾਰੀ ਦਾ ਇੰਤਜ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਸਾ ਅਤੇ ਸਿੱਖ ਸੰਗਤ ਵਲੋਂ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਘੁਵੀਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਇੱਕ ਪਾਸੇ ਜਿੱਥੇ ਤਬਲੀਗੀ ਜਮਾਤ ਦੇ ਭਰਾਵਾਂ ਨੂੰ ਕੁੱਝ ਲੋਕਾਂ ਵਲੋਂ ਹਿਕਾਰਤ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਸੀ, ਉਥੇ ਸਾਡੀ ਸੰਗਤ ਨੇ ਵਿਚਾਰ ਕੀਤਾ ਕਿ ਖਾਲਸੇ ਦਾ ਕੰਮ ਈਮਾਨ ਨਾਲ ਈਮਾਨ ਦੀ ਰੱਖਿਆ ਕਰਨ ਦਾ ਹੈ ਅਤੇ ਫੈਸਲਾ ਲਿਆ ਗਿਆ ਕਿ ਮੁਸਲਮਾਨ ਭਾਈਚਾਰੇ ਦੇ ਇਨ੍ਹਾਂ ਭਰਾਵਾਂ ਨੂੰ ਆਪਣੇ ਧਰਮ ਨਾਲ ਜੁੜੇ ਫਰਜ਼ ਨਿਭਾਉਣ 'ਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਸ਼ਾਮਲ ਹੈ ਸੇਹਰੀ ਅਤੇ ਇਫਤਾਰੀ 'ਚ
ਰੋਜ਼ੇਦਾਰਾਂ ਲਈ ਗੁਰਦੁਆਰੇ ਤੋਂ ਰੋਜ਼ ਰਾਤ ਨੂੰ ਦੁੱਧ ਅਤੇ ਖਜੂਰ ਭੇਜੀ ਜਾਂਦੀ ਹੈ, ਜਿਸ ਨਾਲ ਰੋਜ਼ੇਦਾਰ ਆਪਣੀ ਸੇਹਰੀ ਕਰਦੇ ਹਨ। ਇਸ ਲਈ ਗੁਰਦੁਆਰਾ ਸਾਹਿਬ 'ਚ ਰਾਤ 2 ਵਜੇ ਸਿੱਖ ਸ਼ਰਧਾਲੂ ਪਹੁੰਚਦੇ ਹਨ ਜੋ ਸੇਹਰੀ ਤਿਆਰ ਕਰਕੇ 3 ਵਜੇ ਮਾਨਸਾ ਦੇ ਸਿਵਲ ਹਸਪਤਾਲ 'ਚ ਪਹੁੰਚਾਉਂਦੇ ਹਨ। ਇਸ ਤੋਂ ਬਾਅਦ ਸ਼ਾਮ ਨੂੰ ਇਫਤਾਰੀ ਲਈ ਵੀ ਖਾਸ ਇੰਤਜ਼ਾਮ ਕੀਤੇ ਜਾਂਦੇ ਹਨ। ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਰਘਵੀਰ ਸਿੰਘ ਨੇ ਦੱਸਿਆ ਕਿ ਬਾਕੀ ਮਰੀਜ਼ਾਂ ਨੂੰ ਵੀ ਲੰਗਰ ਗੁਰਦੁਆਰੇ ਤੋਂ ਭੇਜਿਆ ਜਾ ਰਿਹਾ ਹੈ।