ਭਾਗੀਵਾਂਦਰ ਕਤਲ ਕਾਂਡ ''ਚ ਨਵਾਂ ਮੋੜ, ਵੱਡੇ ਕਾਫਲੇ ਨਾਲ ਮੁੱਖ ਦੋਸ਼ੀ ਨੇ ਕੀਤਾ ਆਤਮਸਮਰਪਣ (ਤਸਵੀਰਾਂ)

06/24/2017 7:46:16 PM

ਤਲਵੰਡੀ ਸਾਬੋ (ਮੁਨੀਸ਼) : ਪਿੰਡ ਭਾਗੀਵਾਂਦਰ 'ਚ ਪਿਛਲੇ ਦਿਨੀਂ ਨਸ਼ਾ ਤਸਕਰੀ ਦੇ ਦੋਸ਼ ਵਿਚ ਸ਼ਰੇਆਮ ਵੱਢ ਕੇ ਕਤਲ ਕੀਤੇ ਗਏ ਮੋਨੂੰ ਅਰੋੜਾ ਨੌਜਵਾਨ ਦੇ ਕਤਲ ਕਾਂਡ ਵਿਚ ਸ਼ਾਮਲ ਮੁੱਖ ਦੋਸ਼ੀ ਨੇ ਅਮਰਿੰਦਰ ਸਿੰਘ ਰਾਜੂ ਨੇ ਥਾਣੇ 'ਚ ਆਤਮਸਮਰਪਣ ਕਰ ਦਿੱਤਾ ਹੈ। ਮਾਮਲੇ ਵਿਚ ਕਥਿਤ ਮੁੱਖ ਦੋਸ਼ੀ ਅਮਰਿੰਦਰ ਸਿੰਘ ਰਾਜੂ ਨੂੰ ਪਿੰਡ ਵਾਸੀਆਂ ਨੇ ਵੱਡੇ ਕਾਫਲੇ ਦੇ ਰੂਪ ਵਿਚ ਥਾਣਾ ਤਲਵੰਡੀ ਸਾਬੋ 'ਚ ਪੁਲਸ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰਕੇ ਉਸ ਦੀ ਗ੍ਰਿਫਤਾਰੀ ਦਿੱਤੀ।
ਦੋਸ਼ੀ ਦਾ ਕਹਿਣਾ ਹੈ ਕਿ ਮੋਨੂੰ ਦੀਆਂ ਹਰਕਤਾਂ ਤੋਂ ਸਾਰਾ ਪਿੰਡ ਪ੍ਰੇਸ਼ਾਨ ਸੀ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ ਲਈ ਹੀ ਮੋਨੂੰ ਨੂੰ ਇਹ ਸਜ਼ਾ ਦਿੱਤੀ ਹੈ। ਰਾਜੂ ਨੇ ਇਸ ਮਾਮਲੇ ਪਿੱਛੇ ਸਿਆਸੀ ਲੀਡਰਾਂ ਦੀ ਸ਼ੈਅ ਹੋਣ ਦੀ ਗੱਲ ਆਖੀ ਹੈ। ਉੱਧਰ ਪੁਲਸ ਇਸ ਮਾਮਲੇ 'ਚ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਬਰਾਮਦ ਕਰਨ ਅਤੇ ਬਾਕੀ ਦੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰੇਗੀ।
ਦੱਸਣਯੋਗ ਹੈ ਕਿ ਇਸ ਕਤਲ ਕਾਂਡ ਵਿਚ ਪੁਲਸ ਨੇ ਪਿੰਡ ਦੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ 'ਤੇ ਆਤਮਦਾਹ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ। ਜਿਸ ਕਾਰਨ ਲਗਾਤਾਰ ਪੁਲਸ ਵਲੋਂ ਇਸ ਮਾਮਲੇ 'ਤੇ ਸਖਤੀ ਵਰਤੀ ਜਾ ਰਹੀ ਸੀ।


Related News