ਘਰੇਲੂ ਵਿਵਾਦ ਦੇ ਚਲਦਿਆਂ ਕੀਤਾ ਭਰਜਾਈ ਦਾ ਕਤਲ

Monday, Dec 02, 2019 - 11:24 PM (IST)

ਘਰੇਲੂ ਵਿਵਾਦ ਦੇ ਚਲਦਿਆਂ ਕੀਤਾ ਭਰਜਾਈ ਦਾ ਕਤਲ

ਬਠਿੰਡਾ, (ਵਿਜੇ)— ਬਠਿੰਡਾ ਕੈਂਟ 'ਚ ਦਿਓਰ ਤੇ ਜੇਠ ਨੇ ਮਿਲ ਕੇ ਆਪਣੀ ਹੀ ਭਰਜਾਈ ਦੀ ਹੱਤਿਆ ਕਰ ਦਿੱਤੀ। ਮੁਲਜ਼ਮਾਂ ਦੀ ਪਛਾਣ ਸ਼ਾਮ ਤੇ ਰਾਮ ਦੇ ਤੌਰ 'ਤੇ ਹੋਈ ਹੈ। ਮੁਲਜ਼ਮ ਅਜੇ ਫੌਜ ਪੁਲਸ ਦੀ ਗ੍ਰਿਫਤ 'ਚ ਹਨ। ਹੱਤਿਆ ਦਾ ਕਾਰਣ ਘਰੇਲੂ ਵਿਵਾਦ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਦੀ ਪਛਾਣ ਰਜਨੀ ਦੇ ਤੌਰ 'ਤੇ ਹੋਈ ਹੈ।
ਜਾਣਕਾਰੀ ਅਨੁਸਾਰ ਬਠਿੰਡਾ ਕੈਂਟ 'ਚ ਹੌਲਦਾਰ ਦੇ ਤੌਰ 'ਤੇ ਤਾਇਨਾਤ ਫੌਜੀ ਗੋਪਾਲ ਚੰਦ ਆਪਣੀ ਪਤਨੀ ਰਜਨੀ ਅਤੇ 2 ਬੱਚਿਆਂ ਨਾਲ ਕੁੱਝ ਸਮੇਂ ਤੋਂ ਰਹਿ ਰਿਹਾ ਸੀ। ਗੋਪਾਲ ਚੰਦ ਦੀ ਪਤਨੀ ਰਜਨੀ ਦੀ ਉਸ ਦੇ ਦਿਓਰ ਅਤੇ ਜੇਠ, ਜੋ ਦੋਵੇਂ ਹੀ ਫੌਜ 'ਚ ਹਨ, ਨਾਲ ਬਣਦੀ ਨਹੀਂ ਸੀ। ਪਤਾ ਲੱਗਿਆ ਹੈ ਕਿ ਰਜਨੀ ਆਪਣੇ ਪਤੀ ਨੂੰ ਆਪਣੇ ਭਰਾਵਾਂ ਨਾਲ ਬੋਲਣ ਤੋਂ ਰੋਕਦੀ ਸੀ। ਇਸ ਗੱਲ ਨੂੰ ਲੈ ਕੇ ਦੋਵੇਂ ਪਤੀ-ਪਤਨੀ 'ਚ ਲੜਾਈ ਹੁੰਦੀ ਸੀ। ਗੋਪਾਲ ਚੰਦ 1 ਦਸੰਬਰ ਰਾਤ ਦੀ ਡਿਊਟੀ ਕਰਨ ਲਈ ਗਿਆ ਅਤੇ ਘਰ ਦਾ ਬਾਹਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ। ਸਵੇਰੇ 4 ਵਜੇ ਉਹ ਉਸ ਦੇ ਦੋਵੇਂ ਭਰਾ ਸ਼ਾਮ ਅਤੇ ਰਾਮ, ਜੋ ਐੱਮ. ਪੀ. ਤੋਂ ਆਏ ਅਤੇ ਸਵੇਰੇ ਕੁਆਰਟਰ 'ਚ ਦਾਖਲ ਹੋ ਕੇ ਉਨ੍ਹਾਂ ਨੇ ਰਜਨੀ ਦੀ ਕਰੰਟ ਲਾ ਕੇ ਤੇ ਗਲਾ ਦਬਾ ਕੇ ਹੱਤਿਆ ਕਰ ਦਿੱਤੀ।
ਇਸ ਦੌਰਾਨ ਰਜਨੀ ਦੇ ਬੱਚੇ ਰੋਣ ਲੱਗੇ ਤਾਂ ਉਨ੍ਹਾਂ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਕੁਆਰਟਰਾਂ 'ਚ ਰਹਿ ਰਹੇ ਫੌਜੀਆਂ ਦੇ ਪਰਿਵਾਰਾਂ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਮਿਲਟਰੀ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ 'ਚ ਫੌਜੀ ਪਤੀ ਦੀ ਵੀ ਭੂਮਿਕਾ ਸ਼ੱਕ ਦੇ ਘੇਰੇ 'ਚ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਮਾਮਲੇ 'ਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
 


author

KamalJeet Singh

Content Editor

Related News