ਰਿਲਾਇੰਸ ਜੀਓ ਦੇ ਮਾਰਕੀਟਿੰਗ ਮੁਖੀ ਦੇ ਕਤਲ ’ਚ ਤਿੰਨ ਦੋਸ਼ੀ ਕਰਾਰ

Thursday, Aug 30, 2018 - 06:53 AM (IST)

ਚੰਡੀਗਡ਼੍ਹ, (ਸੰਦੀਪ)- ਰਿਲਾਇੰਸ ਜੀਓ  ਦੇ ਮਾਰਕੀਟਿੰਗ ਮੁਖੀ ਵਿਨੀਤ ਤ੍ਰੇਹਨ ਦੇ ਲੁੱਟ ਦੇ ਮਕਸਦ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਮਨੀਮਾਜਰਾ ਦੇ ਰਹਿਣ ਵਾਲੇ ਮਨੀਸ਼, ਆਮਿਰ ਤੇ ਰਾਜੀਵ ਕਾਲੋਨੀ ਨਿਵਾਸੀ  ਅਕਾਸ਼ ਨੂੰ ਦੋਸ਼ੀ ਕਰਾਰ ਦਿੱਤਾ ਹੈ। ਤਿੰਨਾਂ ਨੂੰ 31 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ।  2016 ’ਚ ਮਨੀਮਾਜਰਾ ਥਾਣਾ ਪੁਲਸ ਨੇ ਤਿੰਨਾਂ ਦੋਸ਼ੀਆਂ ਖਿਲਾਫ  ਕੇਸ ਦਰਜ ਕੀਤਾ ਸੀ। ਵਾਰਦਾਤ ਦੇ  20 ਦਿਨਾਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।  
 ਸੁਸਾਇਟੀ ਦੇ ਬਾਹਰ ਹੋਈ ਸੀ ਵਾਰਦਾਤ
 ਕੇਸ ਅਨੁਸਾਰ ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਦੀ ਇਕ ਸੁਸਾਇਟੀ  ਦਾ ਨਿਵਾਸੀ ਵਿਨੀਤ ਤ੍ਰੇਹਨ ਰਿਲਾਇੰਸ ਜੀਓ ਦਾ ਮਾਰਕੀਟਿੰਗ ਹੈੱਡ ਸੀ। 31 ਜੁਲਾਈ 2016 ਦੀ ਰਾਤ ਉਹ ਮੋਹਾਲੀ ਦਫਤਰ ਤੋਂ ਘਰ ਆਇਆ ਸੀ।  ਉਹ ਸੁਸਾਇਟੀ ਸਾਹਮਣੇ ਆਪਣੀ ਕਾਰ ਸਡ਼ਕ ਕੰਢੇ ਖਡ਼੍ਹੀ ਕਰਕੇ ਫੋਨ ’ਤੇ ਕਿਸੇ ਨਾਲ ਗੱਲ ਕਰ ਰਿਹਾ ਸੀ।  ਇਸ ਦੌਰਾਨ ਅਚਾਨਕ ਮੋਟਰਸਾਈਕਲ ’ਤੇ ਸਵਾਰ ਤਿੰਨ ਲਡ਼ਕੇ ਉਥੇ ਆਏ ਤੇ ਉਸ ਨਾਲ ਕੁੱਟ-ਮਾਰ ਕਰਨ ਲੱਗੇ। 
ਸਕਿਓਰਿਟੀ ਗਾਰਡ ਵਿੱਕੀ ਆਨੰਦ ਨੇ ਤੁਰੰਤ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਵਿੱਕੀ ਆਨੰਦ ਨੇ ਪੁਲਸ ਨੂੰ ਦੱਸਿਆ ਕਿ ਇਕ ਵਿਅਕਤੀ ਨੂੰ ਉਸਦੀ ਕਾਰ ਕੋਲ ਤਿੰਨ ਲਡ਼ਕੇ ਕੁੱਟ ਰਹੇ ਸਨ। ਉਹ ਜਦੋਂ ਉਨ੍ਹਾਂ ਵੱਲ ਗਿਆ ਤਾਂ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਵਿਨੀਤ ਗੰਭੀਰ ਹਾਲਤ ’ਚ ਪਿਆ ਹੋਇਆ ਸੀ ਤੇ ਉਸਦੇ ਸਿਰ ਵਿਚ ਗੰਭੀਰ ਸੱਟ ਸੀ।  ਪੁਲਸ ਉਸਨੂੰ ਪੀ. ਜੀ. ਆਈ. ਲੈ ਕੇ ਗਈ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ  ਦਿੱਤਾ।  
 ਲੁੱਟ ਦੇ ਇਰਾਦੇ ਨਾਲ ਕੀਤਾ ਕਤਲ
 ਜਾਂਚ ’ਚ ਸਾਹਮਣੇ ਆਇਆ ਸੀ ਕਿ ਹਮਲਾਵਰ ਵਿਨੀਤ ਤੋਂ ਤਿੰਨ ਮੋਬਾਇਲ, ਗੱਡੀ ਦੀ ਚਾਬੀ ਤੇ ਪਰਸ ਖੋਹ  ਕੇ ਫਰਾਰ ਹੋਏ ਸਨ। ਸਕਿਓਰਿਟੀ ਗਾਰਡ  ਦੇ ਉੱਥੇ ਪੁੱਜਣ ਕਾਰਨ ਉਹ ਉਸਦੀ ਸੋਨੇ ਦੀ ਚੇਨ,  ਕਡ਼ਾ, ਅੰਗੂਠੀ ਸਮੇਤ ਹੋਰ ਸਾਮਾਨ ਨਹੀਂ ਲੁੱਟ ਸਕੇ ਸਨ। ਸ਼ੁਰੂਆਤ ’ਚ ਮਨੀਮਾਜਰਾ ਥਾਣਾ ਪੁਲਸ ਨੇ ਸਕਿਓਰਿਟੀ ਗਾਰਡ ਦੇ ਬਿਆਨ ਦੇ ਆਧਾਰ ’ਤੇ ਤਿੰਨ ਅਣਪਛਾਤੇ ਵਿਅਕਤੀਅਾਂ ਖਿਲਾਫ ਕੇਸ ਦਰਜ ਕੀਤਾ ਸੀ। 20 ਦਿਨਾਂ ਬਾਅਦ ਪੁਲਸ ਨੇ ਮਨੀਸ਼, ਅਕਾਸ਼ ਤੇ ਆਮਿਰ ਨੂੰ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ।  
 


Related News