ਪਟਿਆਲਾ ’ਚ ਗਲ ਵੱਢ ਕੇ ਕਤਲ ਕੀਤੀ ਗਈ ਮਾਂ-ਧੀ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਪਤੀ ਨੇ ਖੋਲ੍ਹਿਆ ਰਾਜ਼
Sunday, Jun 19, 2022 - 11:09 PM (IST)
ਪਟਿਆਲਾ (ਬਲਜਿੰਦਰ) : ਪਿਛਲੇ ਮਹੀਨੇ 30 ਮਈ ਨੂੰ ਭੁਨਰਹੇੜੀ ਵਿਖੇ ਮਾਂ ਅਤੇ ਧੀ ਦੇ ਕੀਤੇ ਕਤਲ ਦੀ ਗੁੱਥੀ ਨੂੰ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਮ੍ਰਿਤਕ ਔਰਤ ਦੇ ਪਤੀ ਗੁਰਮੁੱਖ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਵਾਰਡ ਨੰ. 15 ਨੇੜੇ ਐੱਫ. ਸੀ. ਆਈ. ਯੂਨੀਅਨ ਬੁਢਲਾਡਾ ਸਿਟੀ ਮਾਨਸਾ ਅਤੇ ਪਤੀ ਦੇ ਭਤੀਜੇ ਸੁਖਪਾਲ ਸਿੰਘ ਪੁੱਤਰ ਸਵ. ਹਰਿਆਉ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ.ਐੱਸ.ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਦੋਵਾਂ ਨੂੰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਭਿੰਡ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ 30 ਮਈ ਨੂੰ ਹਰਪ੍ਰੀਤ ਕੌਰ ਅਤੇ ਉਸ ਦੀ ਲੜਕੀ ਨਵਦੀਪ ਕੌਰ ਦਾ ਭੁਨਰਹੇੜੀ ਵਿਖੇ ਗਲ ਵੱਢ ਕੇ ਵਾਹਿਸ਼ੀਆਨਾ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੇਲ ’ਚ ਗੈਂਗਵਾਰ, ਰੇਕੀ ਕਰਨ ਵਾਲੇ ਕੇਕੜਾ ’ਤੇ ਬੰਬੀਹਾ ਗਰੁੱਪ ਦਾ ਹਮਲਾ
ਇਸ ਮਾਮਲੇ ਵਿਚ ਥਾਣਾ ਸਦਰ ਪਟਿਆਲਾ ਵਿਖੇ 302, 323 ਅਤੇ 120 ਬੀ .ਆਈ.ਪੀ.ਸੀ. ਦੇ ਤਹਿਤ ਗੁਰਮੁੱਖ ਸਿੰਘ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਦੇ ਖ਼ਿਲਾਫ ਕੇਸ ਦਰਜ ਕਰਕੇ ਕਾਤਲਾਂ ਨੂੰ ਫੜਨ ਲਈ ਐੱਸ. ਪੀ. ਡੀ. ਡਾ. ਮਹਿਤਾਬ ਸਿੰਘ, ਡੀ. ਐੱਸ. ਪੀ. ਡੀ. ਅਜੈ ਪਾਲ ਸਿੰਘ, ਡੀ.ਐੱਸ.ਪੀ. ਦਿਹਾਤੀ ਸੁਖਵਿੰਦਰ ਸਿੰਘ ਚੌਹਾਨ ਅਤੇ ਸੀ.ਆਈ.ਏ. ਇੰਚਾਰਜ ਇੰਸ. ਸ਼ਮਿੰਦਰ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ, ਜਿਸ ਟੀਮ ਨੇ ਗੁਰਮੁੱਖ ਸਿੰਘ ਅਤੇ ਸੁਖਪਾਲ ਸਿੰਘ ਦੋਵਾਂ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ, ਯੂ. ਪੀ. ਮਹਾਰਾਸ਼ਟਰ ਆਦਿ ’ਚ ਰੇਡਾਂ ਕੀਤੀਆਂ ਤੇ ਗ੍ਰਿਫਤਾਰੀ ਲਈ ਸਪੈਸ਼ਲ ਆਪਰੇਸ਼ਨ ਚਲਾਇਆ ਅਤੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਭਿੰਡ ’ਚੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁੱਛਗਿਛ ਵਿਚ ਸਾਹਮਣੇ ਆਇਆ ਕਿ ਗੁਰਮੁੱਖ ਸਿੰਘ ਦਾ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਝਗੜਾ ਰਹਿੰਦਾ ਸੀ, ਜਾਇਦਾਦ ਸਬੰਧੀ ਰੌਲਾ ਚਲਦਾ ਸੀ। ਗੁਰਮੁੱਖ ਸਿੰਘ ਨੇ 4 ਕਿਲੇ ਜ਼ਮੀਨ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਅਤੇ ਬੁਢਲਾਡਾ ਵਿਖੇ ਦੋ ਮਕਾਨ ਆਪਣੀ ਪਤਨੀ ਦੇ ਨਾਂ ਕਰਵਾ ਦਿੱਤੇ ਸਨ। ਗੁਰਮੁੱਖ ਆਪਣੀ ਪਤਨੀ ਦੇ ਚਰਿਤਰ ’ਤੇ ਵੀ ਸ਼ੱਕ ਕਰਦਾ ਸੀ। ਇਸ ਦੌਰਾਨ ਹਰਪ੍ਰੀਤ ਕੌਰ ਉਸ ਦੀਆਂ ਦੋਵੇਂ ਲੜਕੀਆਂ ਨਵਦੀਪ ਕੌਰ ਅਤੇ ਸੁਖਮਨ ਕੌਰ ਅਤੇ ਲੜਕੇ ਗੁਰਨੂਰ ਸਿੰਘ ਨਾਲ ਭੁਨਰਹੇੜੀ ਵਿਖੇ ਆ ਕੇ ਰਹਿਣ ਲੱਗ ਪਈ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਦੋਸ਼, ਥਰਡ ਡਿਗਰੀ ਇਸਤੇਮਾਲ ਕਰ ਰਹੀ ਪੰਜਾਬ ਪੁਲਸ, ਲਾਰੈਂਸ ਦੀ ਜਾਨ ਨੂੰ ਖ਼ਤਰਾ
ਗੁਰਮੁੱਖ ਸਿੰਘ ਨੂੰ ਖਦਸ਼ਾ ਸੀ ਕਿ ਉਸ ਦੀ ਘਰ ਵਾਲੀ ਉਸ ਦੀ ਜਾਇਦਾਦ ਵੇਚ ਦੇਵੇਗੀ ਕਿਉਂਕਿ ਕੁਝ ਦਿਨ ਪਹਿਲਾਂ ਉਸ ਦੀ ਘਰਵਾਲੀ ਨੇ ਇਕ ਮਕਾਨ ਵੇਚ ਵੀ ਦਿੱਤਾ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ 30 ਮਈ ਦੀ ਸ਼ਾਮ ਨੂੰ ਕਾਰ ਦੀ ਫੇਟ ਮਾਰ ਕੇ ਪਹਿਲਾਂ ਦੋਵਾਂ ਨੂੰ ਹੇਠਾਂ ਸੁੱਟ ਲਿਆ ਅਤੇ ਫੇਰ ਕਿਰਪਾਨ ਨਾਲ ਦੋਵਾਂ ਦਾ ਕਤਲ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਗੁਰਮੁੱਖ ਸਿੰਘ ਫੌਜ ਵਿਚ ਨੌਕਰੀ ਕਰ ਕੇ ਸੇਵਾ ਮੁਕਤ ਹੋ ਚੁੱਕਿਆ ਸੀ ਅਤੇ ਫੇਰ ਤੋਂ ਨੌਕਰੀ ਕਰਦਾ ਸੀ। ਇਸ ਮੌਕੇ ਐੱਸ.ਪੀ. ਡੀ ਡਾ. ਮਹਿਤਾਬ ਸਿੰਘ, ਡੀ.ਐੱਸ.ਪੀ. ਡੀ ਅਜੈਪਾਲ ਸਿੰਘ, ਡੀ.ਐੱਸ.ਪੀ ਪਟਿਆਲਾ ਦਿਹਾਤੀ ਸੁਖਵਿੰਦਰ ਸਿੰਘ ਚੌਹਾਨ, ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ਼ ਇੰਸ. ਸ਼ਮਿੰਦਰ ਸਿੰਘ ਅਤੇ ਭੁਨਰਹੇੜੀ ਚੌਕੀ ਦੇ ਇੰਚਾਰਜ ਐੱਸ.ਆਈ. ਚੈਨਸੁੱਖ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਕੈਨੇਡਾ ਜਾਣ ਲਈ ਸ਼ਾਪਿੰਗ ਕਰ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਫਲਾਈਟ ਤੋਂ ਕੁੱਝ ਦਿਨ ਪਹਿਲਾਂ ਹੋਈ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।