ਪੰਜਾਬ ''ਚ ਵੱਡੀ ਵਾਰਦਾਤ! ਚਾਚੇ ਨੇ ਭਤੀਜੇ ਦੀ ਛਾਤੀ ''ਚ ਚਾਕੂ ਮਾਰ-ਮਾਰ ਉਤਾਰਿਆ ਮੌਤ ਦੇ ਘਾਟ

06/20/2024 9:14:08 AM

ਫਗਵਾੜਾ (ਜਲੋਟਾ)- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਮਨਸਾ ਦੇਵੀ ਨਗਰ 'ਚ ਸਕੇ ਚਾਚੇ ਨੇ ਆਪਣੇ ਭਤੀਜੇ ਦਾ ਦਿਨ-ਦਿਹਾੜੇ ਛਾਤੀ ਨੇੜੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਾਹਿਲ ਅੰਸਾਰੀ ਪੁੱਤਰ ਲਾਲ ਮੁਹੰਮਦ ਅੰਸਾਰੀ ਵਾਸੀ ਗਲੀ ਨੰਬਰ 1, ਮਨਸਾ ਦੇਵੀ ਨਗਰ, ਫਗਵਾੜਾ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਹੁਕਮਾਂ ਮਗਰੋਂ ਪੁਲਸ ਦਾ ਵੱਡਾ ਐਕਸ਼ਨ! ਇੱਕੋ ਸਮੇਂ 280 ਥਾਵਾਂ ਨੂੰ ਪਾਇਆ ਘੇਰਾ

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਥਾਣਾ ਸਤਨਾਮਪੁਰਾ ਦੇ ਐੱਸ. ਐੱਚ. ਓ. ਗੌਰਵ ਧੀਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਕਾਤਲ ਚਾਚਾ ਮੁਸਾਹਿਬ ਅੰਸਾਰੀ ਪੁੱਤਰ ਰਾਏਸਮੀਆ ਅੰਸਾਰੀ ਮੂਲ ਵਾਸੀ ਬਿਹਾਰ ਹਾਲ ਵਾਸੀ ਗਲੀ ਨੰਬਰ 1 ਮਨਸਾ ਦੇਵੀ ਨਗਰ ਫਗਵਾੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮ੍ਰਿਤਕ ਸਾਹਿਲ ਅੰਸਾਰੀ ਦੀ ਲਾਸ਼ ਉਸ ਦਾ ਨਜ਼ਦੀਕੀ ਰਿਸ਼ਤੇਦਾਰ ਗਾਂਧੀ ਹਸਪਤਾਲ ਵਿਚ ਛੱਡ ਕੇ ਫਰਾਰ ਹੋ ਗਿਆ ਹੈ। ਸੂਤਰਾਂ ਮੁਤਾਬਕ ਦੋਸ਼ੀ ਕਾਤਲ ਚਾਚੇ ਨੇ ਡਾਕਟਰਾਂ ਨੂੰ ਦੱਸਿਆ ਸੀ ਕਿ ਉਸ ਦਾ ਭਤੀਜਾ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਮ੍ਰਿਤਕ ਸਾਹਿਲ ਅੰਸਾਰੀ ਦੀ ਛਾਤੀ ਨੇੜੇ ਤੇਜ਼ਧਾਰ ਚਾਕੂ ਦੇ ਨਿਸ਼ਾਨ ਵੇਖੇ, ਜਿਸ ਦੀ ਸੂਚਨਾ ਫਗਵਾੜਾ ਪੁਲਸ ਨੂੰ ਦਿੱਤੀ ਗਈ। ਪੁਲਸ ਜਾਂਚ ਵਿਚ ਇਹ ਮਾਮਲਾ ਕਤਲ ਸਾਬਤ ਹੋਇਆ ਅਤੇ ਪੁਲਸ ਨੇ ਕਾਰਵਾਈ ਕਰਦਿਆਂ ਦੋਸ਼ੀ ਕਾਤਲ ਚਾਚੇ ਮੁਸਾਹਿਬ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਐੱਸ. ਐੱਚ. ਓ. ਗੌਰਵ ਧੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਗੇ ਭਤੀਜੇ ਸਾਹਿਲ ਅੰਸਾਰੀ ਦਾ ਕਤਲ ਕਰਨ ਵਾਲਾ ਉਸ ਦਾ ਚਾਚਾ ਮੁਸਾਹਿਬ ਅੰਸਾਰੀ ਸਾਹਿਲ ਅੰਸਾਰੀ ਪਹਿਲਾਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਥਾਨਕ ਇਕ ਨਿੱਜੀ ਹਸਪਤਾਲ ਲੈ ਗਿਆ ਸੀ, ਪਰ ਉੱਥੇ ਉਸ ਦੀ ਸਿਹਤ ਵਿਗੜਨ ਕਾਰਨ ਉਹ ਉਸ ਨੂੰ ਗਾਂਧੀ ਹਸਪਤਾਲ ਲੈ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇੱਥੋਂ ਉਹ ਉਸ ਦੀ ਲਾਸ਼ ਨੂੰ ਮੌਕੇ 'ਤੇ ਹੀ ਛੱਡ ਕੇ ਫਰਾਰ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਮਾਲਕ ਦੀ ਬੇਰਹਿਮੀ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ!

ਕਈ ਦਿਨਾਂ ਤੋਂ ਚਾਚੇ-ਭਤੀਜੇ ਵਿਚਾਲੇ ਹੋ ਰਹੀ ਸੀ ਗਾਲੀ-ਗਲੋਚ

ਪੁਲਸ ਸੂਤਰਾਂ ਦਾ ਦਾਅਵਾ ਹੈ ਕਿ ਸਾਹਿਲ ਅੰਸਾਰੀ ਦੇ ਕਤਲ ਦਾ ਕਾਰਨ ਇਹ ਹੈ ਕਿ ਉਸ ਦਾ ਦੋਸ਼ੀ ਕਾਤਲ ਚਾਚਾ ਮੁਸਾਹਿਬ ਅੰਸਾਰੀ ਨਾਲ ਪਿਛਲੇ ਕਈ ਦਿਨਾਂ ਤੋਂ ਕਿਸੇ ਆਪਸੀ ਮਾਮਲੇ ਨੂੰ ਲੈ ਕੇ ਗੰਦਾ ਗਾਲੀ-ਗਲੋਚ ਚਲ ਰਿਹਾ ਸੀ। ਜਾਣਕਾਰੀ ਅਨੁਸਾਰ ਚਾਚਾ ਅਤੇ ਭਤੀਜਾ ਦੋਵੇਂ ਮੂਲ ਰੂਪ ਨਾਲ ਬਿਹਾਰ ਰਾਜ (ਪਿੰਡ ਰਘੂਨਾਥਪੁਰ ਥਾਣਾ ਮਜੋਲੀਆ, ਡਾਕਘਰ ਬ੍ਰਿਜ ਪਠਾਨੀਆਂ, ਜ਼ਿਲ੍ਹਾ ਬੇਦੀਆ) ਦੇ ਰਹਿਣ ਵਾਲੇ ਹਨ। ਇਸ ਤੋਂ ਬਾਅਦ ਝਗੜਾ ਇੰਨਾ ਵਧ ਗਿਆ ਕਿ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ ਜਿੱਥੇ ਚਾਚੇ ਨੇ ਭਤੀਜੇ ਦੀ ਛਾਤੀ ਨੇੜੇ ਇਕ ਤੋਂ ਬਾਅਦ ਇਕ ਦੋ ਜਾਨਲੇਵਾ ਵਾਰ ਕੀਤੇ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਹਾਲਾਂਕਿ ਪੁਲਸ ਸੂਤਰ ਉਪਰੋਕਤ ਦਾਅਵਾ ਕਰ ਰਹੇ ਹਨ, ਪਰ ਆਨ ਰਿਕਾਰਡ ਪੁਲਸ ਨੇ ਇਹ ਖ਼ੁਲਾਸਾ ਨਹੀਂ ਕੀਤਾ ਹੈ ਕਿ ਕਤਲ ਦਾ ਮੂਲ ਕਾਰਨ ਜਾਂ ਮਕਸਦ ਕੀ ਹੈ? ਸਵਾਲ ਇਹ ਹੈ ਕਿ ਕੀ ਵਾਕਈ ਕੁਝ ਦਿਨਾਂ ਤੋਂ ਹੋ ਰਿਹਾ ਆਪਸੀ ਦੁਰਵਿਵਹਾਰ ਕਤਲ ਦਾ ਕਾਰਨ ਬਣਿਆ ਹੈ? ਜਾਂ ਕੀ ਕੋਈ ਹੋਰ ਗੰਭੀਰ ਗੱਲ ਹੈ ਜੋ ਪੁਲਸ ਨਹੀਂ ਲੱਭ ਸਕੀ ਹੈ? ਹੁਣ ਇਸ ਦਾ ਜਵਾਬ ਤਾਂ ਸਿਰਫ ਪੁਲਸ ਅਧਿਕਾਰੀ ਹੀ ਬਿਹਤਰ ਜਵਾਬ ਦੇ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਪੱਛਮੀ ਜ਼ਿਮਨੀ ਚੋਣ ਬਾਰੇ ਬਸਪਾ ਦਾ ਵੱਡਾ ਐਲਾਨ

ਅਦਾਲਤ ਨੇ ਇਕ ਦਿਨ ਦੇ ਪੁਲਸ ਰਿਮਾਂਡ ਦੇ ਜਾਰੀ ਕੀਤੇ ਹੁਕਮ

ਜਾਣਕਾਰੀ ਮੁਤਾਬਕ ਪੁਲਸ ਨੇ ਦੋਸ਼ੀ ਕਾਤਲ ਚਾਚੇ ਮੁਸਾਹਿਬ ਅੰਸਾਰੀ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਦੋਸ਼ੀ ਕਾਤਲ ਚਾਚੇ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਪੁਲਸ ਕਤੱਲਕਾਂਡ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਕਤਲ ਵਿਚ ਵਰਤੇ ਗਏ ਤੇਜ਼ਧਾਰ ਚਾਕੂ ਨੂੰ ਵੀ ਬਰਾਮਦ ਕਰ ਲਿਆ ਹੈ ਜਿਸ ਦੀ ਵਰਤੋਂ ਕਾਤਲ ਚਾਚੇ ਨੇ ਆਪਣੇ ਭਤੀਜੇ ਨੂੰ ਮਾਰਨ ਲਈ ਕੀਤਾ ਹੈ। ਹਾਲਾਂਕਿ ਪੁਲਸ ਉਕਤ ਮਾਮਲੇ ਬਾਰੇ ਪੂਰੀ ਤਰ੍ਹਾਂ ਚੁੱਪ ਹੈ। ਪਰ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੁਲਸ ਇਸ ਤੱਥ ਦਾ ਖ਼ੁਲਾਸਾ ਕਰਕੇ ਆਪਣੀ ਪਿੱਠ ਥਪਥਪਾ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News