ਬਠਿੰਡਾ 'ਚ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ, CCTV ਫੁਟੇਜ ਨੇ ਖੋਲ੍ਹਿਆ ਰਾਜ਼

09/11/2023 5:10:38 AM

ਬਠਿੰਡਾ (ਵਿਜੇ ਵਰਮਾ) : ਸ਼ਨੀਵਾਰ ਦੇਰ ਰਾਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਸਿਧਾਣਾ ਵਿਖੇ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਵੱਲੋਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਰੋਕਦੇ ਸਮੇਂ ਕਮੇਟੀ ਦੇ ਇਕ ਮੈਂਬਰ ਜਸਬੀਰ ਸਿੰਘ ਨੂੰ ਸਾਥੀ ਮੈਂਬਰ ਦਾ ਹੀ ਤੇਜ਼ਧਾਰ ਹਥਿਆਰ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਅਤੇ ਡੀਐੱਸਪੀ ਵੱਲੋਂ ਨਸ਼ਾ ਵਿਰੋਧੀ ਕਮੇਟੀ ਦੇ ਹੋਰ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ ਨਿਰਮਲ ਸਿੰਘ ਅਤੇ ਜਤਿੰਦਰ ਸਿੰਘ ਵਾਸੀ ਪਿੰਡ ਡੋਡ ਜ਼ਿਲ੍ਹਾ ਫਰੀਦਕੋਟ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਜਸਬੀਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਉਕਤ ਮਾਮਲੇ 'ਚ ਜਦੋਂ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਨੇ ਸਾਰਾ ਭੇਤ ਖੋਲ੍ਹ ਦਿੱਤਾ। ਉਥੇ ਹੀ ਇਸ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਨੇ ਸਾਰੀ ਘਟਨਾ ਦਾ ਪਰਦਾਫਾਸ਼ ਕਰ ਦਿੱਤਾ। ਇਸ ਤੋਂ ਇਲਾਵਾ ਹੁਣ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : 6 ਕਾਨੂੰਗੋ ਤੇ 20 ਪਟਵਾਰੀਆਂ ਦੇ ਤਬਾਦਲੇ, ਪੇਂਡੂ ਮੁਲਾਜ਼ਮਾਂ ਨੂੰ ਸ਼ਹਿਰ ਤੇ ਸ਼ਹਿਰੀਆਂ ਨੂੰ ਭੇਜਿਆ ਪੇਂਡੂ ਖੇਤਰ 'ਚ

ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋਡ ਦੇ ਵਸਨੀਕ ਨਿਰਮਲ ਸਿੰਘ ਅਤੇ ਜਤਿੰਦਰ ਸਿੰਘ ਜੋ ਕਿ ਚਚੇਰੇ ਭਰਾ ਹਨ, ਸ਼ਨੀਵਾਰ ਦੇਰ ਰਾਤ ਆਪਣੀ ਮਹਿਲਾ ਦੋਸਤ ਨੂੰ ਮਿਲਣ ਲਈ ਮੋਟਰਸਾਈਕਲ 'ਤੇ ਪਿੰਡ ਸਿਧਾਣਾ ਪਹੁੰਚੇ ਸਨ। ਨਸ਼ਾ ਵਿਰੋਧੀ ਕਮੇਟੀ ਵੱਲੋਂ ਜਦੋਂ ਦੋਵਾਂ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਦੋਵੇਂ ਮੋਟਰਸਾਈਕਲ ਲੈ ਕੇ ਪਿੰਡ ਵੱਲ ਚਲੇ ਗਏ। ਇਸ ਤੋਂ ਬਾਅਦ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਨੇ ਅੱਗੇ ਆਪਣੇ ਸਾਥੀਆਂ ਨੂੰ ਇਤਲਾਹ ਦਿੱਤੀ ਕਿ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨ ਪਿੰਡ ਵਿੱਚ ਦਾਖਲ ਹੋਏ ਹਨ, ਜਿਸ ਤੋਂ ਬਾਅਦ ਸੂਚਨਾ ਮਿਲਣ 'ਤੇ ਕਮੇਟੀ ਮੈਂਬਰ ਜਸਬੀਰ ਸਿੰਘ ਆਪਣੇ 2 ਹੋਰ ਸਾਥੀਆਂ ਨਾਲ ਹੱਥਾਂ 'ਚ ਡੰਡੇ ਅਤੇ ਹਥਿਆਰ ਲੈ ਕੇ ਪਿੰਡ ਦੀ ਇਕ ਮੋੜ 'ਤੇ ਪਹੁੰਚ ਗਿਆ, ਜਿੱਥੇ ਜਸਬੀਰ ਸਿੰਘ ਤੇ ਉਸ ਦੇ ਸਾਥੀਆਂ ਨੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਡੰਡੇ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਸਵਾਰ ਨੌਜਵਾਨ ਮੋਟਰਸਾਈਕਲ ਨੂੰ ਕੁਝ ਦੂਰੀ ਤੋਂ ਮੋੜ ਕੇ ਉਨ੍ਹਾਂ ਤੋਂ ਬਚ ਕੇ ਨਿਕਲਦੇ ਹੋਏ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਕਮੇਟੀ ਦੇ 3 ਮੈਂਬਰਾਂ 'ਚੋਂ ਵਿਚਕਾਰਲੇ ਮੈਂਬਰ ਦੇ ਤੇਜ਼ਧਾਰ ਹਥਿਆਰ ਸਭ ਤੋਂ ਅੱਗੇ ਖੜ੍ਹੇ ਜਸਬੀਰ ਸਿੰਘ ਦੇ ਸਿਰ 'ਤੇ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕਾਰ ਸਵਾਰਾਂ ਨੇ ਨੌਜਵਾਨ ਨੂੰ ਕੀਤਾ ਅਗਵਾ, ਨਾਕੇ ’ਤੇ ਆ ਗਏ ਪੁਲਸ ਅੜਿੱਕੇ

ਉਕਤ ਘਟਨਾ ਤੋਂ ਬਾਅਦ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਨੇ ਜਸਬੀਰ ਸਿੰਘ 'ਤੇ ਨਸ਼ਾ ਤਸਕਰਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤੇ ਜਾਣ ਦਾ ਖਦਸ਼ਾ ਜਤਾਇਆ। ਇਸ ਘਟਨਾ ਤੋਂ ਬਾਅਦ ਥਾਣਾ ਰਾਮਪੁਰਾ ਦੇ ਡੀਐੱਸਪੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਸ ਤੋਂ ਬਾਅਦ ਲੋਕ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਰਾਮਪੁਰਾ ਲੈ ਕੇ ਗਏ, ਜਿੱਥੇ ਇਲਾਜ ਦੌਰਾਨ ਜਸਬੀਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ‘ਆਪ’ ਵਿਧਾਇਕ ਬਲਕਾਰ ਸਿੰਘ ਵੀ ਸਿਵਲ ਹਸਪਤਾਲ ਪੁੱਜੇ ਅਤੇ ਪੁਲਸ ਨੂੰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ।

ਪੁਲਸ ਵੱਲੋਂ ਉਪਰੋਕਤ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਦੋਂ ਪੁਲਸ ਟੀਮ ਨੇ ਮੋਟਰਸਾਈਕਲ ਸਵਾਰ ਨਿਰਮਲ ਸਿੰਘ ਅਤੇ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਆਪਣੀ ਇਕ ਮਹਿਲਾ ਦੋਸਤ ਨੂੰ ਮਿਲਣ ਪਿੰਡ ਸਿਧਾਣਾ ਆਏ ਸਨ ਪਰ ਉਹ ਨਸ਼ਾ ਤਸਕਰ ਨਹੀਂ ਹਨ, ਜਿਸ ਤੋਂ ਬਾਅਦ ਪੁਲਸ ਟੀਮ ਨੇ ਪਿੰਡ ਵਿੱਚ ਲੱਗੇ ਸੀਸੀਟੀਵੀ ਖੰਗਾਲੇ ਤਾਂ ਇਕ ਕੈਮਰੇ ਦੀ ਫੁਟੇਜ ਨਾਲ ਪੂਰੀ ਘਟਨਾ ਦਾ ਪਰਦਾਫਾਸ਼ ਹੋ ਗਿਆ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਸਬੀਰ ਸਿੰਘ ਦੇ ਸਿਰ ਵਿੱਚ ਉਸ ਦੇ ਸਾਥੀ ਵੱਲੋਂ ਹੀ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵਿਆਹ ਵਾਲਾ ਘਰ ਬਣਿਆ ਜੰਗ ਦਾ ਮੈਦਾਨ, ਪ੍ਰੇਮਿਕਾ ਨੇ ਮੌਕੇ ’ਤੇ ਪਹੁੰਚ ਲਾੜੇ ਸਣੇ ਬਰਾਤੀਆਂ ਦੀ ਕੀਤੀ ਛਿੱਤਰ-ਪਰੇਡ

ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਿਸ ਵਿਅਕਤੀ ਨੇ ਜਸਬੀਰ ਸਿੰਘ ਦੇ ਸਿਰ 'ਤੇ ਵਾਰ ਕੀਤਾ, ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮੀਡੀਆ ਨੂੰ ਕੁਝ ਕਿਹਾ ਜਾ ਸਕਦਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News