ਨਾਜਾਇਜ਼ ਸੰਬੰਧਾਂ ਕਾਰਨ ਭਤੀਜੇ ਨੇ ਕੀਤਾ ਚਾਚੇ ਦਾ ਬੇਰਹਿਮੀ ਨਾਲ ਕਤਲ
Sunday, Feb 18, 2018 - 04:38 PM (IST)

ਸੰਗਰੂਰ (ਰਾਜੇਸ਼ ਕੋਹਲੀ) — ਜ਼ਿਲਾ ਸੰਗਰੂਰ ਦੇ ਪਿੰਡ ਕੁਭਡਵਾਲ 'ਚ ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਇਕ ਭਤੀਜੇ ਵਲੋਂ ਚਾਚੇ ਦਾ ਬੇਰਹਿਮੀ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਲੀਲਾ ਸਿੰਘ (55) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਭਤੀਜੇ ਨੇ ਕਤਲ ਕਰਨ ਤੋਂ ਬਾਅਦ ਚਾਚੇ ਦੀ ਲਾਸ਼ ਨੂੰ ਫਲਸ਼ ਟੈਂਕ 'ਚ ਸੁੱਟ ਦਿੱਤਾ ਸੀ। ਇਹ ਹੀ ਨਹੀਂ ਸਗੋਂ 20 ਦਿਨ ਪਹਿਲਾਂ ਹੋਏ ਇਸ ਕਤਲ ਦੇ ਮਾਮਲੇ 'ਚ ਪਹਿਲਾਂ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾਈ ਗਈ ਸੀ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ 'ਤੇ ਪਤਾ ਲੱਗਾ ਕਿ ਘਰੇਲੂ ਕਲੇਸ਼ ਕਾਰਨ ਉਕਤ ਵਿਅਕਤੀ ਦਾ ਕਤਲ ਕੀਤਾ ਗਿਆ। ਡਿਊਟੀ ਮੈਜਿਸਟ੍ਰੇਟ ਦੀ ਦੇਖ-ਰੇਖ 'ਚ ਜਦ ਟੈਂਕ ਦੀ ਖੁਦਾਈ ਕੀਤੀ ਗਈ ਤਾਂ ਉਥੋਂ ਲਾਸ਼ ਬਰਾਮਦ ਕਰ ਲਈ ਗਈ।
ਉਥੇ ਹੀ ਇਸ ਸੰਬੰਧੀ ਪਿੰਡ ਦੇ ਪ੍ਰਧਾਨ ਚਮਕੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੀਲਾ ਸਿੰਘ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਕਾਰਨ ਲੀਲਾ ਸਿੰਘ ਦੇ ਭਤੀਜੇ ਨੇ ਘਰੇਲੂ ਕਲੇਸ਼ ਕਾਰਨ ਉਸ ਦਾ ਕਤਲ ਕਰ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕਰਦਿਆਂ ਫਲਸ਼ ਟੈਂਕ 'ਚੋਂ ਲਾਸ਼ ਬਰਾਮਦ ਕਰਕੇ ਪੋਸਟਮਾਰਮਟ ਲਈ ਭੇਜ ਦਿੱਤੀ ਹੈ। ਫਿਲਹਾਲ ਕਾਤਲ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।