ਭਤੀਜੇ ਵੱਲੋਂ ਭੂਆ ਦਾ ਕਤਲ

Monday, Mar 05, 2018 - 10:17 AM (IST)

ਭਤੀਜੇ ਵੱਲੋਂ ਭੂਆ ਦਾ ਕਤਲ

ਅਮਲੋਹ (ਗਰਗ)-ਨਜ਼ਦੀਕੀ ਪਿੰਡ ਸਲਾਣਾ ਦਾਰਾ ਸਿੰਘ ਵਾਲਾ ਵਿਖੇ ਅੱਜ ਇਕ ਔਰਤ ਦੀ ਉਸ ਦੇ ਭਤੀਜੇ ਵੱਲੋਂ ਹੱਤਿਆ ਕਰ ਦੇਣ ਦੀ ਖਬਰ ਪ੍ਰਾਪਤ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਮਾਂ ਅਤੇ ਕਾਤਲ ਰਵਿੰਦਰ ਸਿੰਘ ਦੀ ਦਾਦੀ ਗੁਰਦਿਆਲ ਕੌਰ ਪਤਨੀ ਬਲਦੇਵ ਸਿੰਘ ਦੇ ਬਿਆਨ 'ਤੇ ਰਵਿੰਦਰ ਸਿੰਘ, ਉਸ ਦੀ ਪਤਨੀ ਨਿਰਮਲ ਕੁਮਾਰੀ ਉਰਫ ਸੁਮਨ ਅਤੇ ਮਾਂ ਕੁਲਵੰਤ ਕੌਰ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। 
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਲੋਹ ਕੁਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜੀਤ ਕੌਰ (52) ਦਾ ਵਿਆਹ ਪਿੰਡ ਕੌੜੀ ਜ਼ਿਲਾ ਲੁਧਿਆਣਾ ਵਿਖੇ ਹੋਇਆ ਸੀ। ਵਿਆਹ ਤੋਂ ਬਾਅਦ ਬਲਜੀਤ ਕੌਰ ਦੇ ਪਤੀ ਦੀ ਮੌਤ ਹੋ ਗਈ। ਬਲਜੀਤ ਕੌਰ 27-28 ਸਾਲ ਤੋਂ ਆਪਣੇ ਪੇਕੇ ਪਿੰਡ ਸਲਾਣਾ ਵਿਖੇ ਆਪਣੀ ਮਾਂ ਕੋਲ ਰਹਿ ਰਹੀ ਸੀ। 
ਪੁਲਸ ਨੁੰ ਦਿੱਤੇ ਬਿਆਨ ਵਿਚ ਗੁਰਦਿਆਲ ਕੌਰ ਨੇ ਦੋਸ਼ ਲਾਇਆ ਕਿ ਮੇਰੇ ਪੋਤੇ ਰਵਿੰਦਰ ਸਿੰਘ ਦੀ ਪਤਨੀ ਨਿਰਮਲ ਕੁਮਾਰੀ ਅਤੇ ਨੂੰਹ ਕੁਲਵੰਤ ਕੌਰ ਨੇ ਮੇਰੀ ਲੜਕੀ ਬਲਜੀਤ ਕੌਰ ਦੀਆਂ ਬਾਹਾਂ ਫੜ ਲਈਆਂ ਅਤੇ ਰਵਿੰਦਰ ਸਿੰਘ ਨੇ ਬਲਜੀਤ ਕੌਰ ਦੇ ਮੂੰਹ ਵਿਚ ਸਲਫਾਸ ਦੀਆਂ ਗੋਲੀਆਂ ਪਾ ਕੇ ਪਾਣੀ ਪਾ ਦਿਤਾ। ਉਸ ਦਾ ਰੌਲਾ ਸੁਣ ਕੇ ਮੇਰਾ ਲੜਕਾ ਅਮਰੀਕ ਸਿੰਘ ਅਤੇ ਗੁਆਂਢੀ ਆ ਗਏ ਅਤੇ ਉਸ ਨੂੰ ਖੰਨਾ ਸਥਿਤ ਇਕ ਹਸਪਤਾਲ ਵਿਚ ਲੈ ਕੇ ਗਏ, ਜਿਸ ਦੀ ਉਥੇ ਮੌਤ ਹੋ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦਾ ਜ਼ਮੀਨ-ਜਾਇਦਾਦ ਨੂੰ ਲੈ ਕੇ ਝਗੜਾ ਸੀ, ਜਿਸ ਕਰ ਕੇ ਘਰ ਵਿਚ ਕਲੇਸ਼ ਰਹਿੰਦਾ ਸੀ। ਪੁਲਸ ਨੇ ਦੋਸ਼ੀਆਂ ਵਿਰੁੱਧ ਧਾਰਾ 302, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਖਬਰ ਲਿਖੇ ਜਾਣ ਤਕ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਸਨ।


Related News