ਮਾਮਲਾ ਗੋਲੀਆਂ ਮਾਰ ਕੇ ਕਤਲ ਕਰਨ ਦਾ: 24 ਘੰਟਿਆਂ ’ਚ ਵੀ ਪੁਲਸ ਨਹੀਂ ਲਗਾ ਸਕੀ ਕਾਤਲਾਂ ਦਾ ਸੁਰਾਗ
Saturday, Mar 13, 2021 - 10:10 AM (IST)
ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ’ਚ ਬੀਤੀ ਰਾਤ ਹੋਏ ਜੱਸੀ ਦੇ ਕਤਲ ਦੀ ਵਾਰਦਾਤ ਨੂੰ 24 ਘੰਟੇ ਹੋ ਚੁੱਕੇ ਹਨ। ਕਾਤਲ ਦੀ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਚੰਚਲ ਕਾਲਾ ਅਤੇ ਉਸਦੇ ਸਾਥੀ ਸ਼ਮਸ਼ੇਰ ਸਿੰਘ ਦਾਨੀ ਖ਼ਿਲਾਫ਼ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ। 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਸ ਦੋਸ਼ੀਆਂ ਦੀ ਭਾਲ ਨਹੀਂ ਕਰ ਸਕੀ, ਜੋ ਪੁਲਸ ਦੀ ਕਾਰਗੁਜ਼ਾਰੀ ’ਤੇ ਇਕ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦੀ ਹੀ ਜੱਸੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਸੀ ਵਾਰਦਾਤ
ਵੀਰਵਾਰ ਰਾਤ 8 ਵਜੇ ਦੇ ਕਰੀਬ ਚੰਚਲ ਕਾਲਾ ਅਤੇ ਸ਼ਮਸ਼ੇਰ ਸਿੰਘ ਦਾਨੀ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਏ ਅਤੇ ਅੰਮ੍ਰਿਤਸਰ ਕੋਲ ਇਲਾਕਾ ਰਣਜੀਤ ਐਵੀਨਿਊ ਨਾਲ ਲੱਗਦੀ ਸੰਜੇ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਜੱਸੀ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਖੂਨ ਨਾਲ ਲੱਥਪਥ ਜੱਸੀ ਜ਼ਮੀਨ ’ਤੇ ਡਿੱਗ ਗਿਆ ਸੀ। ਜਦੋਂ ਉਸਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਸੀ। ਦੂਜੇ ਪਾਸੇ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਜਿਸ ਦੇ ਬਾਵਜੂਦ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ।
ਇਹ ਕਹਿਣਾ ਹੈ ਪੁਲਸ ਦਾ
ਥਾਣਾ ਰਣਜੀਤ ਐਵੀਨਿਊ ਦੇ ਇੰਚਾਰਜ ਐੱਸ. ਆਈ. ਰੋਬਿਨ ਹੰਸ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਸੀ। ਪੁਲਸ ਦੀਆਂ ਵੱਖ-ਵੱਖ ਟੀਮਾਂ ਕਾਤਲਾਂ ਦੀ ਤਲਾਸ਼ ’ਚ ਲੱਗੀ ਹੋਈ ਹੈ ਅਤੇ ਖੇਤਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ।