ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਲਈ ਨੌਜਵਾਨ ਦੀ ਜਾਨ, ਮਾਮਲਾ ਦਰਜ

Sunday, Jul 15, 2018 - 06:16 PM (IST)

ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਲਈ ਨੌਜਵਾਨ ਦੀ ਜਾਨ, ਮਾਮਲਾ ਦਰਜ

ਤਲਵੰਡੀ ਭਾਈ (ਗੁਲਾਟੀ) - ਸਥਾਨਕ ਸ਼ਹਿਰ ਦੇ ਇਕ ਨੌਜਵਾਨ ਦੀ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਸਿਰ 'ਚ ਗੈਸ ਸਿਲੰਡਰ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਤਲਵੰਡੀ ਭਾਈ ਪੁਲਸ ਦੇ ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਤਲਵੰਡੀ ਭਾਈ ਦੇ ਵਾਰਡ ਨੰਬਰ-06 ਦੀ ਪਰਮਜੀਤ ਕੌਰ ਪਤਨੀ ਸੁਰਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਤੀ ਦੇ ਭਰਾ ਪ੍ਰਦੀਪ ਸਿੰਘ ਦਾ ਪੁੱਤਰ ਸੁਖਦੀਪ ਸਿੰਘ (30) ਉਨ੍ਹਾਂ ਦੇ ਘਰ ਰਹਿੰਦਾ ਸੀ ਅਤੇ ਉਹ ਤਲਵੰਡੀ ਭਾਈ ਦੀ ਲੇਬਰ ਯੂਨੀਅਨ 'ਚ ਕੰਮ ਕਰਦਾ ਸੀ। 
ਉਹ ਉਸ ਦੇ ਸ਼ਰੀਕੇ 'ਚ ਲੱਗਦੇ ਦਿਓਰ ਲਖਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਲਵੰਡੀ ਭਾਈ, ਜੋ ਸਾਡੇ ਨਾਜਾਇਜ਼ ਰਿਸ਼ਤੇ 'ਤੇ ਸ਼ੱਕ ਕਰਦਾ ਸੀ। ਇਸ ਸਬੰਧ 'ਚ ਮੈਂ ਅਤੇ ਮੇਰੇ ਪਤੀ ਨੇ ਕਈ ਵਾਰ ਉਸ ਨੂੰ ਸਮਝਾਇਆ ਪਰ ਉਹ ਸਮਝਣ ਦੀ ਬਜਾਏ ਸਾਡੇ ਦੋਵਾਂ ਨਾਲ ਲੜਾਈ ਝਗੜਾ ਕਰਦਾ ਸੀ। 13 ਜੁਲਾਈ ਦੀ ਰਾਤ ਨੂੰ ਉਸ ਨੇ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਮਿਲ ਕੇ ਸਾਡੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਝਗੜੇ ਦੌਰਾਨ ਉਸ ਨੇ ਉਸ ਦੇ ਘਰ 'ਚ ਪਿਆ ਛੋਟਾ ਗੈਸ ਸਿਲੰਡਰ ਸੁਖਦੀਪ ਦੇ ਸਿਰ 'ਚ ਮਾਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤਲਵੰਡੀ ਭਾਈ ਦੇ ਸਰਕਾਰੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ। ਉਸ ਦੀ ਸਿਹਤ ਖਰਾਬ ਹੋਣ 'ਤੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਪਰ ਰਸਤੇ 'ਚ ਸੁਖਦੀਪ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News