ਪੁਲਸ ਨੇ 24 ਘੰਟੇ ''ਚ ਸੁਲਝਾਈ ਅੰਨੇ ਕਤਲ ਦੀ ਗੁੱਥੀ, ਤਿੰਨ ਦੋਸ਼ੀ ਗ੍ਰਿਫਤਾਰ

03/16/2018 3:48:46 PM

ਫਤਿਹਗੜ੍ਹ ਸਾਹਿਬ (ਬਖਸ਼ੀ)-ਇਸ ਜ਼ਿਲੇ ਦੇ ਪਿੰਡ ਡਡਹੇੜੀ ਵਿਖੇ ਹੋਏ ਇਕ ਅੰਨੇ ਕਤਲ ਦੀ ਗੁੱਥੀ ਨੂੰ ਜ਼ਿਲਾ ਪੁਲਸ ਨੇ 24 ਘੰਟੇ 'ਚ ਸੁਲਝਾ ਕੇ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੂੰ ਅਮਰਿੰਦਰ ਸਿੰਘ ਵਾਸੀ ਡਡਹੇੜੀ ਦੇ ਖੇਤਾਂ 'ਚ ਇਕ ਵਿਅਕਤੀ ਦੀ ਲਾਸ਼ ਪਏ ਹੋਣ ਸਬੰਧੀ 14 ਮਾਰਚ ਨੂੰ ਸੂਚਨਾ ਮਿਲੀ ਸੀ, ਜਿਸ ਦੇ ਮੂੰਹ, ਸਿਰ ਅਤੇ ਸਰੀਰ ਦੇ ਕਈ ਹਿੱਸਿਆਂ 'ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ੍ਹ 'ਚ ਆਈ.ਪੀ.ਸੀ. ਦੀ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਪਹਿਚਾਣ ਅਤੇ ਦੋਸ਼ੀਆਂ ਦੀ ਸ਼ਨਾਖਤ ਲਈ ਐੱਸ.ਪੀ.ਡੀ. ਹਰਪਾਲ ਸਿੰਘ ਦੀ ਅਗਵਾਈ ਅਤੇ ਡੀ.ਐੱਸ.ਪੀ. ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਬਣਾਈਆਂ ਦੋ ਟੀਮਾਂ ਵਲੋਂ ਇਸ ਦੀ ਜਾਂਚ ਸ਼ੁਰੂ ਕੀਤੀ ਗਈ। 
ਉਨ੍ਹਾਂ ਦੱਸਿਆ ਕਿ ਇਕ ਟੀਮ 'ਚ ਥਾਣਾ ਮੰਡੀ ਗੋਬਿੰਦਗੜ੍ਹ ਦੇ ਐੱਸ.ਐੱਚ.ਓ. ਸੁਖਵੀਰ ਸਿੰਘ ਅਤੇ ਦੂਜੀ ਟੀਮ 'ਚ ਥਾਣਾ ਅਮਲੋਹ ਦੇ ਐੱਸ.ਐੱਚ.ਓ. ਕੁਲਜੀਤ ਸਿੰਘ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਖਤ ਮਿਹਨਤ ਅਤੇ ਜਾਂਚ ਸਦਕਾ 24 ਘੰਟੇ ਦੇ ਅੰਦਰ ਹੀ ਮ੍ਰਿਤਕ ਦੀ ਪਹਿਚਾਣ ਛੋਟੇ ਲਾਲ ਯਾਦਵ ਦੇ ਤੌਰ 'ਤੇ ਕਰਕੇ ਕਤਲ ਕਰਨ ਵਾਲਿਆਂ ਦੀ ਵੀ ਸ਼ਨਾਖਤ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਛੋਟੇ ਲਾਲ ਨੂੰ ਕਤਲ ਕਰਨ ਵਾਲਿਆਂ ਦੀ ਪਹਿਚਾਣ ਰਾਮ ਦੀਨ, ਮਥੁਰਾ ਪਾਲ ਉਰਫ ਕੰਗੂ ਅਤੇ ਵਰਿੰਦਰ ਕੁਮਾਰ ਉਰਫ ਵਿੱਕੀ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਦੋਸ਼ੀਆਂ ਤੋਂ ਪਤਾ ਲੱਗਾ ਕਿ ਮ੍ਰਿਤਕ ਛੋਟੇ ਲਾਲ ਅਪਰਾਧਿਕ ਕਿਸਮ ਦਾ ਆਦਮੀ ਸੀ, ਜਿਸ ਨੇ ਤਿੰਨ ਕਤਲ ਕੀਤੇ ਹੋਏ ਸਨ। ਜਿਨ੍ਹਾਂ 'ਚ ਉਸ ਦੇ ਪਿੰਡ ਦੇ ਨਜ਼ਦੀਕ ਰਜਤ ਧੋਬੀ ਵਾਸੀ ਪਿੰਡ ਰਾਮਪੁਰ ਦਾ ਕਤਲ ਕੀਤਾ ਹੋਇਆ ਸੀ। ਇਸ ਮਾਮਲੇ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ ਸੀ ਅਤੇ ਹੁਣ ਮਾਨਯੋਗ ਹਾਈਕੋਰਟ ਤੋਂ ਜਮਾਨਤ 'ਤੇ ਸੀ। ਇਸੇ ਤਰ੍ਹਾਂ ਛੋਟੇ ਲਾਲ ਨੇ ਆਪਣੇ ਪਿੰਡ ਦੇ ਨਜ਼ਦੀਕ ਪਿੰਡ ਕਸਾਰ ਵਿਖੇ ਵੀ ਇਕ ਵਿਅਕਤੀ ਦਾ ਕਤਲ ਕੀਤਾ ਸੀ, ਜਿਸ ਸਬੰਧੀ ਉਥੇ ਜਾਂਚ ਚੱਲ ਰਹੀ ਹੈ ਅਤੇ ਇਸ ਵਲੋਂ ਇਕ ਹੋਰ ਕਤਲ ਕੀਤੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ। 
ਉਨ੍ਹਾਂ ਦੱਸਿਆ ਕਿ ਕਤਲ ਕਰਨ ਵਾਲੇ ਦੋਸ਼ੀ ਰਾਮਦੀਨ ਅਤੇ ਮਥੁਰਾ ਪਾਲ ਕੰਗੂ ਜੋ ਕਿ ਨਸਰਾਲੀ ਗੋਬਿੰਦਗੜ੍ਹ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ ਅਤੇ ਅੱਜ ਕੱਲ ਲੇਬਰ ਦਾ ਕੰਮ ਕਰ ਰਹੇ ਸਨ। ਮ੍ਰਿਤਕ ਵੀ ਇਨ੍ਹਾਂ ਦੇ ਘਰ ਦੇ ਨਜ਼ਦੀਕ ਹੀ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਰਾਮਦੀਨ ਨੇ ਪੁੱਛਗਿਛ 'ਚ ਦੱਸਿਆ ਕਿ ਮ੍ਰਿਤਕ ਛੋਟੇ ਲਾਲ ਨੇ ਉਸ ਦੇ ਬੱਚੇ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਸ ਦੀ ਘਰਵਾਲੀ ਨਾਲ ਜਬਰਦਸਤੀ ਸਰੀਰਕ ਸੰਬੰਧ ਬਣਾਏ ਸਨ, ਜਿਸ ਦਾ ਖੁਲਾਸਾ ਉਸ ਦੀ ਪਤਨੀ ਨੇ ਉਸ ਕੋਲ ਕੀਤਾ ਸੀ। ਇਸ ਕਾਰਨ ਉਸਨੇ ਛੋਟੇ ਲਾਲ ਦਾ ਅਪਰਾਧਿਕ ਪਿਛੋਕੜ ਹੋਣ ਕਾਰਨ ਆਪਣੀ ਜਾਨ ਮਾਲ ਦੀ ਰਾਖੀ ਲਈ ਗੁੱਸੇ ਵਿਚ ਦੂਜੇ ਸਾਥੀਆਂ ਨਾਲ ਯੋਜਨਾ ਬਣਾਕੇ 11 ਮਾਰਚ ਨੂੰ ਪਹਿਲਾਂ ਛੋਟੇ ਲਾਲ ਨੂੰ ਜਿਆਦਾ ਸ਼ਰਾਬ ਪਿਲਾਈ ਅਤੇ ਫਿਰ ਮੋਟਰਸਾਇਕਲ 'ਤੇ ਬਿਠਾਕੇ ਪਿੰਡ ਡਡਹੇੜੀ ਵਾਲੇ ਰਸਤੇ 'ਤੇ ਖੇਤਾਂ ਵਿਚ ਲੈ ਗਿਆ, ਜਿੱਥੇ ਮਥੁਰਾ ਪਾਲ ਅਤੇ ਵਰਿੰਦਰ ਕੁਮਾਰ ਨਾਲ ਮਿਲ ਕੇ ਰਾਮ ਦੀਨ ਨੇ ਮ੍ਰਿਤਕ ਛੋਟੇ ਲਾਲ ਦੇ ਚਾਕੂ, ਡੰਡੇ ਅਤੇ ਪੱਥਰ ਨਾਲ ਸੱਟਾਂ ਮਾਰ ਕੇ ਕਤਲ ਕਰਨ ਉਪਰੰਤ ਲਾਸ਼ ਨੂੰ ਕਣਕ ਦੇ ਖੇਤਾਂ 'ਚ ਸੁੱਟ ਦਿੱਤਾ।
 


Related News