ਸ਼ਰਾਬ ਦੇ ਨਸ਼ੇ ’ਚ ਟੱਲੀ ਹੋ ਕੇ ਕੀਤਾ ਪ੍ਰਵਾਸੀ ਮਜ਼ਦੂਰ ਦਾ ਕਤਲ, ਪਰਚਾ ਦਰਜ
Friday, Jul 27, 2018 - 11:57 PM (IST)
ਫਿਰੋਜ਼ਪੁਰ(ਮਲਹੋਤਰਾ, ਹਰਚਰਨ, ਬਿੱਟੂ)– ਸ਼ਰਾਬ ਦੇ ਨਸ਼ੇ ’ਚ ਟੱਲੀ ਹੋ ਕੇ ਆਪਸ ਵਿਚ ਝਗਡ਼ੇ ਪ੍ਰਵਾਸੀ ਮਜ਼ਦੂਰਾਂ ’ਚੋਂ ਇਕ ਮਜ਼ਦੂਰ ਨੇ ਦੂਜੇ ਦੇ ਸਿਰ ਵਿਚ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਥਾਣਾ ਕੁੱਲਗਡ਼ੀ ਦੇ ਪਿੰਡ ਬੁੱਕਣ ਖਾਂ ਵਾਲਾ ਵਿਖੇ ਹੋਈ। ਪੁਲਸ ਨੇ ਮ੍ਰਿਤਕ ਮਨੂ ਰਿਸ਼ੀ ਦੇ ਭਰਾ ਜਗਲੀ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਭਰਾ ਮਨੂ ਰਿਸ਼ੀ ਪਿੰਡ ਵਿਚ ਬੇਅੰਤ ਸਿੰਘ ਦੇ ਕੋਲ ਨੌਕਰੀ ਕਰਦਾ ਸੀ ਤੇ ਚੰਦ ਕਿਸ਼ੋਰ ਦੇ ਨਾਲ ਬੇਅੰਤ ਸਿੰਘ ਦੀ ਮੋਟਰ ’ਤੇ ਹੀ ਰਹਿੰਦਾ ਸੀ। 25 ਜੁਲਾਈ ਦੀ ਰਾਤ ਉਹ ਆਪਣੇ ਭਰਾ ਕੋਲ ਗਿਆ ਤਾਂ ਉਥੇ ਉਨ੍ਹਾਂ ਦਾ ਇਕ ਹੋਰ ਜਾਣਕਾਰ ਪ੍ਰਵਾਸੀ ਮਜ਼ਦੂਰ ਡਵਲੂ ਮਾਛੀ ਮੌਜੂਦ ਸੀ। ਸਾਰਿਆਂ ਨੇ ਮਿਲ ਕੇ ਸ਼ਰਾਬ ਪੀਤੀ ਸੀ, ਜਿਸ ਤੋਂ ਬਾਅਦ ਜਗਲੀ ਕੁਮਾਰ ਤੇ ਡਵਲੂ ਅੰਦਰ ਸੌਣ ਚਲੇ ਗਏ ਜਦਕਿ ਮਨੂ ਤੇ ਚੰਦ ਕਿਸ਼ੋਰ ਮੋਟਰ ਦੇ ਬਾਹਰ ਸੁੱਤੇ। ਰਾਤ ਨੂੰ ਕਰੀਬ ਡੇਢ ਵਜੇ ਉਸ ਨੂੰ ਬਾਹਰ ਡਵਲੂ ਤੇ ਮਨੂ ਵਿਚਾਲੇ ਝਗਡ਼ੇ ਦੀ ਆਵਾਜ਼ ਸੁਣੀ ਤਾਂ ਉਹ ਉੱਠ ਕੇ ਬਾਹਰ ਆਇਆ। ਉਸ ਦੇ ਦੇਖਦਿਆਂ ਹੀ ਦੇਖਦਿਆਂ ਡਵਲੂ ਨੇ ਉਸਦੇ ਭਰਾ ਮਨੂ ਦੇ ਸਿਰ ਵਿਚ ਕਹੀ ਨਾਲ ਵਾਰ ਕੀਤੇ ਤੇ ਮਨੂ ਤੇ ਚੰਦ ਕਿਸ਼ੋਰ ਦੇ ਮੋਬਾਇਲ ਚੁੱਕ ਕੇ ਭੱਜ ਗਿਆ। ਗੰਭੀਰ ਹਾਲਤ ਵਿਚ ਮਨੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ ਕਤਲ ਦਾ ਪਰਚਾ ਦਰਜ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
