ਰਿੰਕਲ ਕਤਲਕਾਂਡ : ਸੰਨੀ ਦਾ ਹੋਰ ਰਿਮਾਂਡ ਮੰਗੇਗੀ ਪੁਲਸ, ਗ੍ਰਿਫਤਾਰੀ ਦੇ ਡਰੋਂ ਨੀਟੂ ਹਾਲੇ ਤੱਕ ਅੰਡਰ ਗਰਾਊਂਡ
Friday, Jul 27, 2018 - 04:32 AM (IST)
ਲੁਧਿਆਣਾ(ਮਹੇਸ਼)- ਮਹਾਨਗਰ ਦੇ ਬਹੁ-ਚਰਚਿਤ ਰਿੰਕਲ ਹੱਤਿਆ ਕਾਂਡ ’ਚ ਗ੍ਰਿਫਤਾਰ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਪੁੱਤਰ ਸੰਨੀ ’ਤੇ ਕਾਨੂੰਨੀ ਸ਼ਿਕੰਜਾ ਹੋਰ ਕੱਸਣ ਵਾਲਾ ਹੈ। ਪਤਾ ਲੱਗਾ ਹੈ ਕਿ ਪੁਲਸ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਹਫਤੇ ਦਾ ਹੋਰ ਰਿਮਾਂਡ ਮੰਗੇਗੀ। ਪੁਲਸ ਕੋਲ ਇਸ ਸਭ ਲਈ ਹੁਣ ਤਕ ਦੀ ਕੀਤੀ ਗਈ ਜਾਂਚ ਵਿਚ ਇਹ ਕਾਰਨ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਹਾਇਰ ਕੀਤੇ ਗਏ ਕਾਂਟ੍ਰੈਕਟ ਕਿੱਲਰਾਂ ਨਾਲ ਕਦੋਂ ਕਿਥੇ ਅਤੇ ਕਿਸ ਰਾਹੀਂ ਕਿੰਨੇ ਪੈਸਿਆਂ ਵਿਚ ਸੌਦਾ ਕੀਤਾ ਸੀ। ਉਧਰ ਪੁਲਸ ਕੌਂਸਲਰ ਪੁੱਤਰ ਦੇ ਨਜ਼ਦੀਕੀ ਸੰਨੀ ਨਾਈ ਅਤੇ ਕਾਂਟ੍ਰੈਕਟ ਕਿੱਲਰਾਂ ਦੀ ਭਾਲ ਵਿਚ ਲਗਾਤਾਰ ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇ ਮਾਰ ਰਹੀ ਹੈ। ਸਾਰੇ ਦੋਸ਼ੀ, ਜੋ ਕਿ ਜਲੰਧਰ ਨੇਡ਼ੇ ਇਕ ਪਿੰਡ ਦੇ ਰਹਿਣ ਵਾਲੇ ਹਨ, ਆਪਣੇ-
ਆਪਣੇ ਪਰਿਵਾਰ ਸਮੇਤ ਘਰਾਂ ਤੋਂ ਗਾਇਬ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ, ਜਦਕਿ ਪੁਲਸ ਦੇ ਭਾਰੀ ਦਬਾਅ ਅਤੇ ਗ੍ਰਿਫਤਾਰੀ ਦੇ ਡਰੋਂ ਨੀਟੂ ਵੀ ਅਜੇ ਤਕ ਰੂਪੋਸ਼ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਬੇਗੁਨਾਹ ਹੈ ਤਾਂ ਸਾਹਮਣੇ ਕਿਉਂ ਨਹੀਂ ਆ ਰਿਹਾ। ਉਸ ਦਾ ਰੂਪੋਸ਼ ਹੋਣਾ ਉਸ ਦੀ ਭੂਮਿਕਾ ’ਤੇ ਕਈ ਸੁਆਲ ਖਡ਼੍ਹੇ ਕਰ ਰਿਹਾ ਹੈ, ਜਦਕਿ ਵਿਰੋਧੀ ਦਲ ਲਗਾਤਾਰ ਉਸ ’ਤੇ ਨਿਸ਼ਾਨੇ ਸਾਧ ਰਿਹਾ ਹੈ। ਵਰਨਣਯੋਗ ਹੈ ਕਿ ਪੁਲਸ ਨੇ ਕੌਂਸਲਰ ਪੁੱਤਰ ਨੂੰ 22 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਨੇ ਪੁੱਛਗਿੱਛ ਲਈ 5 ਦਿਨ ਦੇ ਰਿਮਾਂਡ ’ਤੇ ਲਿਆ ਸੀ। ਕੱਲ ਉਸ ਦੇ ਰਿਮਾਂਡ ਦੀ ਮਿਆਦ ਖਤਮ ਹੋਣ ਵਾਲੀ ਹੈ। ਪੁਲਸ ਨੇ ਉਸ ਨੂੰ ਦੋਬਾਰਾ ਰਿਮਾਂਡ ’ਤੇ ਲੈਣ ਲਈ ਪੂਰੀ ਤਿਆਰੀ ਕਰ ਲਈ ਹੈ।
ਵਿਵਾਦ ਨਾਲ ਨਾਤਾ ਰਿਹਾ ਹੈ ਨੀਟੂ ਦਾ
ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਨੀਟੂ ਦਾ ਪਿਛੋਕਡ਼ ਵਿਵਾਦਾਂ ਨਾਲ ਜੁਡ਼ਿਆ ਰਿਹਾ ਹੈ। ਪਹਿਲਾਂ ਉਹ ਭਾਜਪਾ ’ਚ ਸੀ ਅਤੇ ਫਿਰ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਿਆ ਅਤੇ ਨਗਰ ਨਿਗਮ ਚੋਣ ਵੀ ਜਿੱਤੀ ਪਰ ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਵਿਵਾਦਾਂ ’ਚ ਉਸ ਦਾ ਨਾਂ ਆਇਆ ਪਰ ਹਰ ਵਾਰੀ ਉਹ ਆਪਣੀ ਪਾਵਰ ਦੀ ਵਰਤੋਂ ਕਰਦਾ ਰਿਹਾ।
