ਕਾਂਟ੍ਰੈਕਟ ਕਿਲਰ ਸਾਗਰ ਉਰਫ ਨਿਊਟ੍ਰਨ 3 ਸਾਥੀਆਂ ਨਾਲ ਗ੍ਰਿਫਤਾਰ, ਇਕ ਦੀ ਭਾਲ ਜਾਰੀ

Thursday, Jul 26, 2018 - 04:29 AM (IST)

ਕਾਂਟ੍ਰੈਕਟ ਕਿਲਰ ਸਾਗਰ ਉਰਫ ਨਿਊਟ੍ਰਨ 3 ਸਾਥੀਆਂ ਨਾਲ ਗ੍ਰਿਫਤਾਰ, ਇਕ ਦੀ ਭਾਲ ਜਾਰੀ

ਲੁਧਿਆਣਾ(ਮਹੇਸ਼)- ਬੇਟੀ ਦੀ ਮਮਤਾ ’ਚ ਅੰਨ੍ਹੀ ਹੋ ਕੇ ਆਪਣੇ ਹੀ ਪਤੀ ਦਾ ਕਤਲ ਕਰਵਾਉਣ ਦੇ ਬਹੁ-ਚਰਚਿਤ ਮਾਮਲੇ ’ਚ ਹੈਬੋਵਾਲ ਪੁਲਸ ਨੇ ਬਡ਼ੇ ਹੀ ਨਾਟਕੀ ਤਰੀਕੇ ਨਾਲ ਸਾਗਰ ਗੈਂਸ ਦੇ ਸਰਗਨੇ ਅਤੇ ਕਾਂਟ੍ਰੈਕਟ ਕਿਲਰ ਸਾਗਰ ਉਰਫ ਨਿਊਟ੍ਰਨ ਨੂੰ ਉਸ ਦੇ 3 ਸਾਥੀਆਂ ਨਾਲ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਸ ਮਾਮਲੇ ਦਾ 8ਵਾਂ ਦੋਸ਼ੀ ਜਸਕਰਨ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ  ਬਾਹਰ ਹੈ। ਫਡ਼ੇ ਗਏ ਹੋਰਨਾਂ ਦੋਸ਼ੀਆਂ ਦੀ ਪਛਾਣ ਫੀਲਡ ਗੰਜ਼ ਦੇ ਪ੍ਰੇਮ ਨਗਰ ਦਾ ਸਾਗਰ ਬ੍ਰਾਹਣੀਆਂ ਖੁੱਡ ਮੁਹੱਲੇ ਦਾ ਦੀਪਕ ਧਾਲੀਵਾਲ ਉਰਫ ਦੀਪਾ ਤੇ ਸੀ. ਐੱਮ. ਸੀ. ਨੇਡ਼ੇ ਰਹਿਣ ਵਾਲਾ ਵਿਸ਼ਾਲ ਜੈਕਅਪ ਦੇ ਤੌਰ ’ਤੇ ਹੋਈ ਹੈ। ਫਡ਼ੇ ਗਏ ਦੋਸ਼ੀ 18 ਤੋਂ 21 ਸਾਲ ਦੇ ਦਰਮਿਆਨ ਹਨ, ਜੋ ਕਿ 10ਵੀਂ ਕਲਾਸ ਤਕ ਪਡ਼੍ਹੇ ਹਨ ਅਤੇ ਦੋਸਤ ਹਨ। ਇਨ੍ਹਾਂ ਦੇ ਕਬਜ਼ੇ ਤੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ’ਤੇ ਲਾਲ ਰੰਗ ਦੀ ਸਕੂਟਰੀ ਤੋਂ ਇਲਾਵਾ ਮ੍ਰਿਤਕ ਦਾ ਸਪਲੈਂਡਰ ਮੋਟਰਸਾਈਕਲ, ਉਸ ਦਾ ਪਰਸ, ਸ਼ਨਾਖਤੀ ਕਾਰਡ ਤੇ ਹੋਰ ਸਾਮਾਨ ਜ਼ਬਤ ਕਰ ਲਿਆ ਗਿਆ ਹੈ। ਜਦ ਕਿ ਵਾਰਦਾਤ ਵਿਚ ਵਰਤੇ ਹਥਿਆਰ ਬਰਾਮਦ ਕਰਨੇ ਅਜੇ ਬਾਕੀ ਹਨ। ਇਨ੍ਹਾਂ ਤੋਂ ਪਹਿਲਾਂ ਪੁਲਸ ਮ੍ਰਿਤਕ ਦੀ ਪ੍ਰੋਫੈਸਰ ਪਤਨੀ ਗੀਤਾ ਸੱਗਡ਼, ਉਸ ਦੀ ਬੇਟੀ ਸੁਦੀਕਸ਼ਾ ਤੇ ਸੁਦੀਕਸ਼ਾ ਦੇ ਪ੍ਰੇਮੀ ਤਰੁਣ ਤੇਜਪਾਲ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਚੁੱਕੀ ਹੈ। ਹੈਬੋਵਾਲ ਥਾਣਾ ਇੰਚਾਰਜ ਸਬ-ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਹੰਬਡ਼ਾ ਚੌਕੀ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਸਿੰਘਮ, ਕਾਂਸਟੇਬਲ ਪ੍ਰਗਟ ਸਿੰਘ, ਕਾਂਸੇਟਬਲ ਜਤਿੰਦਰ ਸਿੰਘ ਤੇ ਕਾਂਸਟੇਬਲ ਜੀਤੁੂ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਨੂੰ ਸਨਮਾਨਤ ਕਰਨ ਲਈ ਪੁਲਸ ਕਮਿਸ਼ਨਰ ਨੂੰ ਲਿਖ ਕੇ ਭੇਜਿਆ ਜਾਵੇਗਾ। ®ਉਨ੍ਹਾਂ ਦੱਸਿਅਾ ਕਿ ਸਾਗਰ, ਵਿਸ਼ਾਲ ਅਤੇ ਦੀਪਕ ਨੂੰ ਸੂਚਨਾ ਦੇ ਆਧਾਰ ਤੇ ਰਾਜਪੁਰਾ ਰੋਡ ਤੋਂ ਕਾਬੂ ਕੀਤਾ ਗਿਆ ਅਤੇ ਨਿਊਟ੍ਰਨ ਨੂੰ ਢੋਲੋਵਾਲ ਚੌਕ ਤੋਂ  ਫਡ਼ਿਆ ਗਿਆ, ਜਿਨ੍ਹਾਂ ਨੇ ਪੁੱਛਗਿੱਛ ’ਚ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਗਲਾ ਘੁੱਟਣ ਦੇ ਬਾਅਦ ਵੀ ਚੱਲ ਰਹੀ ਸੀ ਕੁਲਦੀਪ ਦੀ ਦਿਲ ਦੀ ਧਡ਼ਕਣ
 ਥਾਣਾ ਇੰਚਾਰਜ ਨੇ ਦੱਸਿਆ ਕਿ ਨਿਊਟ੍ਰਨ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ 4 ਦੋਸਤਾਂ ਨੂੰ ਰਾਜ਼ੀ ਕਰ ਲਿਆ। 6,000 ਰੁਪਏ ’ਚੋਂ 800 ਰੁਪਏ ਉਸ ਨੇ ਚੰਡੀਗਡ਼੍ਹ ਤੋਂ ਲੁਧਿਆਣਾ ਆਉਣ ਲਈ ਟੈਕਸੀ ਦੇ ਕਿਰਾਏ ’ਤੇ ਖਰਚ ਕਰ ਦਿੱਤੇ, ਜਦ ਕਿ 1200 ਰੁਪਏ ’ਚ ਉਸ ਨੇ ਬੱਸ ਸਟੈਂਡ ਨੇਡ਼ੇ ਆਪਣੀ ਪਤਨੀ ਨੂੰ ਹੋਟਲ ਦਾ ਕਮਰਾ ਕਿਰਾਏ ’ਤੇ ਲੈ ਕੇ ਦਿੱਤਾ। ਇਸ ਤੋਂ ਬਾਅਦ ਇਕ ਮੋਟਰਸਾਈਕਲ ਤੇ ਸਕੂਟਰੀ ’ਤੇ ਪੰਜੋਂ ਸਵਾਰ ਹੋ ਕੇ ਕੁਲਦੀਪ ਦੇ ਘਰ ਪਹੁੰਚੇ। ਆਲੇ-ਦੁਆਲੇ ਘਰ ਹੋਣ ਕਾਰਨ ਨਿਊਟ੍ਰਨ ਫਡ਼ੇ ਜਾਣ ਦਾ ਰਿਸਕ ਨਹੀਂ ਲੈਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਆਪਣੇ ਦੋਸਤਾਂ ਨੂੰ ਨਾਲ ਮਿਲਾਇਆ ਸੀ। ਜਦੋਂ ਇਹ ਲੋਕ ਘਰ ’ਚ ਦਾਖਲ ਹੋਏ ਤਾਂ ਕੁਲਦੀਪ ਬੈੱਡਰੂਮ ’ਚ ਡੂੰਘੀ ਨੀਂਦ ਸੌਂ ਰਿਹਾ ਸੀ। ਇਨ੍ਹਾਂ ਨੇ ਕੁਲਦੀਪ ਨੂੰ ਸੌਂਦੇ ਸਮੇਂ ਹੀ ਦਬੋਚ ਲਿਆ।  ਉਹ ਰੌਲਾ ਨਾ ਪਾ ਸਕੇ ਇਸ ਲਈ ਕਾਤਲਾਂ ਨੇ ਉਸ ਦਾ ਮੂੰਹ ਤੌਲੀਏ ਨਾਲ ਦਬਾ ਦਿੱਤਾ ਅਤੇ ਉਸ ਦੇ ਗਲੇ ਨੂੰ ਚੁੰਨੀ ਨਾਲ ਘੁੱਟ ਦਿੱਤਾ, ਜਦਕਿ 2 ਲੋਕਾਂ ਨੇ ਉਸ ਦੀਆਂ ਲੱਤਾਂ ਅਤੇ ਬਾਹਾਂ ਦਬੋਚ ਲਈਆਂ। ਇਸ ਦੌਰਾਨ ਜਦੋਂ ਕੁਲਦੀਪ ਬੇਸੁੱਧ ਹੋ ਗਿਆ ਤਾਂ ਜਸਕਰਨ ਨੇ ਉਸ ਦੇ ਦਿਲ ਦੀ ਧਡ਼ਕਣ ਚੈੱਕ ਕੀਤੀ ਤਾਂ ਉਹ ਚੱਲ ਰਹੀ ਸੀ। ਇਸ ’ਤੇ ਨਿਊਟ੍ਰਨ ਤੇ ਵਿਸ਼ਾਲ ਨੇ ਆਪਣੇ ਨਾਲ ਲਿਆਂਦੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦੀ ਗਰਦਨ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਕਾਤਲ ਕੁਲਦੀਪ ਦਾ ਪਰਸ ਜਿਸ ਵਿਚ ਕਰੀਬ 2,000 ਰੁਪਏ ਦੀ ਨਕਦੀ, ਉਸ ਦੇ ਪਹਿਚਾਣ ਪੱਤਰ ਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ।
ਮਾਂ-ਬੇਟੀ ਨੇ ਸਬੂਤ ਮਿਟਾਉਣ ਦੀ ਕੀਤੀ ਕੋਸ਼ਿਸ਼ 
 ਮਨਜੀਤ ਨੇ ਦੱਸਿਆ ਕਿ ਕੁਲਦੀਪ ਦਾ ਕਤਲ ਹੋਣ ਦੇ ਬਾਅਦ ਮਾਂ-ਬੇਟੀ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਹ ਹੇਠਾਂ ਆਏ ਅਤੇ ਖੂਨ ਨਾਲ ਲਥਪਥ ਤੌਲੀਏ ਤੇ ਚੁੰਨੀ ਨੂੰ ਕਾਲੇ ਰੰਗ ਦੇ ਲਿਫਾਫੇ ਵਿਚ ਪਾ ਕੇ ਪਿਛੇ ਖਾਲੀ ਪਲਾਟ ਵਿਚ ਸੁੱਟ ਦਿੱਤਾ ਅਤੇ ਦਿਨ ਚਡ਼੍ਹਨ ਦੀ ਉਡੀਕ ਕਰਨ ਲੱਗੀ। ਜਿਵੇਂ ਹੀ ਸਵੇਰ ਦੇ 5 ਵਜੇ ਮਾਂ-ਬੇਟੀ ਨੇ ਰੌਲਾ ਪਾ ਕੇ ਮੁਹੱਲੇ ਵਾਲਿਆਂ ਨੂੰ ਜਗਾ ਦਿੱਤਾ ਅਤੇ ਲੁੱਟ-ਖੋਹ ਦੇ ਇਰਾਦੇ ਨਾਲ ਕਿਸੇ ਨੇ ਕੁਲਦੀਪ ਦਾ ਕਤਲ ਕਰ ਦਿੱਤਾ।
ਪੁਲਸ ਨੂੰ ਦਿੱਤੇ ਆਪਣੇ ਹੀ ਬਿਆਨ ’ਚ ਫਸ ਗਈ ਗੀਤਾ
 ਪਰਮਦੀਪ ਨੇ ਦੱਸਿਆ ਕਿ ਕੁਲਦੀਪ ਦੀ ਪਤਨੀ ਗੀਤਾ ਆਪਣੇ ਦਿੱਤੇ ਗਏ ਬਿਆਨ ’ਚ ਹੀ  ਬੁਰੀ ਤਰ੍ਹਾਂ ਫਸ ਗਈ। ਉਸ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੀ ਤਾਂ ਪੌਡ਼ੀਆਂ ਤੇ ਲੱਗੇ ਦਰਵਾਜ਼ੇ ਦੀ ਕੁੰਡੀ ਉਸ ਨੇ ਹੀ ਖੋਲ੍ਹੀ ਅਤੇ ਹੇਠਾਂ ਆਏ ਤਾਂ ਘਰ ਦੇ ਮੇਨ ਗੇਟ ਦੇ  ਤਾਲੇ ਵਿਚ ਅੰਦਰੋਂ ਚਾਬੀ ਲੱਗੀ ਹੋਈ ਸੀ ਅਤੇ ਉਹ ਖੁੱਲ੍ਹਾ ਹੋਇਆ ਸੀ। ਜਿਸ ’ਤੇ ਪੁਲਸ ਨੂੰ ਸ਼ੱਕ ਹੋ ਗਿਆ ਕਿ ਜਦੋਂ ਉਪਰੋਂ  ਕੋਈ ਨਹੀਂ ਆਇਆ ਤਾਂ ਮੇਨ ਗੇਟ ਦਾ ਤਾਲਾ ਕਿਸ ਨੇ ਖੋਲ੍ਹਿਆ, ਜਦ ਕਿ ਕੁਲਦੀਪ ਦੀ ਰੂਟੀਨ ਸੀ ਕਿ ਉਹ ਸੌਣ ਤੋਂ ਪਹਿਲਾਂ ਮੇਨ ਗੇਟ ਬੰਦ ਕਰ ਕੇ ਚਾਬੀ ਨੂੰ ਕੁੰਡੀ ਤੇ ਟੰਗ ਦਿੰਦਾ ਸੀ। ਇਸ ਦੇ ਬਾਅਦ ਜਦੋਂ ਗੀਤਾ ਦੀ ਮੋਬਾਇਲ ਡਿਟੇਲ ਦੀ ਛਾਣਬੀਣ ਕੀਤੀ ਤਾਂ ਉਹ ਜ਼ਿਆਦਾ ਦੇਰ ਤਕ ਪੁਲਸ ਦੇ ਸਾਹਮਣੇ ਟਿਕ ਨਹੀਂ ਸਕੀ ਤੇ ਸਾਰਾ ਰਾਜ ਉਗਲ ਦਿੱਤਾ।
ਨਿਊਟ੍ਰਨ ਮਈ ’ਚ ਜੇਲ ਤੋਂ ਬਾਹਰ ਆਇਆ ਸੀ ਤੇ ਜੂਨ ’ਚ ਕੀਤਾ ਸੀ ਪ੍ਰੇਮ ਵਿਆਹ
 ਪਰਮਦੀਪ ਨੇ ਦੱਸਿਆ ਕਿ ਨਿਊਟ੍ਰਨ ਤੇ ਹੱਤਿਆ ਦੀ ਕੋਸ਼ਿਸ਼, ਕੁੱਟ-ਮਾਰ ਸਮੇਤ ਸੰਗੀਨ ਧਾਰਾਵਾਂ ਤਹਿਤ ਵੱਖ-ਵੱਖ ਥਾਣਿਆਂ ’ਚ 5 ਕੇਸ ਦਰਜ ਹਨ। ਆਖਰੀ ਵਾਰ ਉਸ ਨੂੰ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ’ਚ ਸਲੇਮ ਟਾਬਰੀ ਪੁਲਸ ਨੇ ਗ੍ਰਿਫਤਾਰ ਕੀਤਾ  ਸੀ, ਜਿਸ ਮਾਮਲੇ ’ਚ ਵਿਸ਼ਾਲ ਵੀ ਸਹਿਯੋਗੀ ਹੈ। ਮਈ ਮਹੀਨੇ ਵਿਚ ਸਾਗਰ ਜੇਲ ਤੋਂ ਬਾਹਰ ਆਇਆ ਸੀ। ਜੂਨ ਮਹੀਨੇ ਵਿਚ ਉਸ ਨੇ ਲੁਧਿਆਣਾ ਦੀ ਇਕ ਲਡ਼ਕੀ ਨਾਲ ਪ੍ਰੇਮ ਵਿਆਹ ਕਰ ਲਿਆ ਅਤੇ ਉਸ ਨਾਲ ਚੰਡੀਗਡ਼੍ਹ ਵਿਚ ਰਹਿਣ ਲੱਗਾ। ਤਰੁਣ ਨਾਲ ਉਸ ਦੀ ਦੋਸਤੀ ਸੀ। ®ਵਿਆਹ ਦੇ ਬਾਅਦ ਨਿਊਟ੍ਰਨ ਨੂੰ ਪੈਸਿਆਂ ਦੀ ਸਖਤ ਲੋਡ਼ ਸੀ। ਜਦੋਂ ਤਰੁਣ ਨੇ ਕੁਲਦੀਪ ਦਾ ਕਤਲ ਕਰਨ ਦੇ ਬਦਲੇ ’ਚ 2.50 ਲੱਖ ਰੁਪਏ ਦੇਣ ਦੀ ਗੱਲ ਕਹੀ ਤਾਂ ਉਹ ਝੱਟ ਮੰਨ ਗਿਆ ਅਤੇ ਤਰੁਣ ਨੇ ਉਸ ਨੂੰ ਅਡਵਾਂਸ 6,000 ਰੁਪਏ ਦੇ ਦਿੱਤੇ ਅਤੇ ਬਾਕੀ ਰਕਮ ਕੰਮ ਕਰਨ ਦੇ ਬਾਅਦ ਦੇਣੀ ਤੈਅ ਹੋਈ। ਉਦੋਂ ਇਹ ਵੀ ਤੈਅ ਹੋਇਆ ਕਿ ਕੁਲਦੀਪ ਨੂੰ ਇਸ ਤਰ੍ਹਾਂ ਨਾਲ ਮੌਤ ਦੇ ਘਾਟ ਉਤਾਰਿਆ ਜਾਵੇ ਕਿ ਉਸ ਦੀ ਮੌਤ ਕੁਦਰਤੀ ਲੱਗੇ ਤਾਂ ਕਿ ਕੁਲਦੀਪ ਦੀ ਮੌਤ ਦੇ ਬਾਅਦ ਰੇਲਵੇ ਵਿਭਾਗ ਵਲੋਂ ਉਸ ਦੀ ਪਤਨੀ ਨੂੰ ਪੈਸਾ ਮਿਲ ਸਕੇ ਅਤੇ ਉਸ ਪੈਸੇ ’ਚੋਂ ਕਾਂਟ੍ਰੈਕਟ ਕਿਲਿੰਗ ਦਾ ਬਾਕੀ ਪੈਸਾ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਇਹ ਵੀ ਤੈਅ ਹੋਇਆ ਕਿ ਕਤਲ ਦੇ ਬਾਅਦ ਘਰ ਵਿਚ ਜੋ ਵੀ ਪੈਸਾ ਅਤੇ ਕੀਮਤੀ ਚੀਜ਼ ਹੋਵੇਗੀ ਉਹ ਕਾਤਲ ਆਪਣੇ ਨਾਲ ਲੈ ਜਾਣ।


Related News