ਭੈਣ ''ਤੇ ਬੁਰੀ ਨਜ਼ਰ ਰੱਖਣ ਦੇ ਸ਼ੱਕ ''ਚ 3 ਨੌਜਵਾਨਾਂ ਡੰਡਿਆਂ ਨਾਲ ਕੀਤਾ ਸੀ ਕਤਲ
Tuesday, May 08, 2018 - 01:39 AM (IST)

ਦੇਵੀਗੜ੍ਹ(ਭੁਪਿੰਦਰ)-ਬੀਤੇ ਦਿਨ ਪਿੰਡ ਬੀਬੀਪੁਰ ਵਿਖੇ ਬਰਸੀਮ ਦੇ ਖੇਤਾਂ 'ਚੋਂ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ ਸੀ, ਜਿਸ ਦਾ ਸਿਰ ਡੰਡਿਆਂ ਨਾਲ ਭੰਨਿਆ ਹੋਇਆ ਸੀ। ਮਜ਼ਦੂਰ ਦਾ ਕਤਲ ਕਿਸ ਨੇ ਅਤੇ ਕਿਉਂ ਕੀਤਾ? ਇਸ ਬਾਰੇ ਥਾਣਾ ਜੁਲਕਾਂ ਪੁਲਸ ਚੌਕੀ ਇੰਚਾਰਜ ਦਰਸ਼ਨ ਸਿੰਘ ਦੀ ਅਗਵਾਈ ਹੇਠ ਕਈ ਪਹਿਲੂਆਂ 'ਤੇ ਕੰਮ ਕਰ ਰਹੀ ਸੀ। ਪੁਲਸ ਨੇ ਤਿੰਨ ਦਿਨਾਂ ਦੀ ਸਖਤ ਮਿਹਨਤ ਨਾਲ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਸਚਾਈ ਸਾਹਮਣੇ ਲਿਆਂਦੀ। ਇਸ ਦਾ ਪਤਾ ਲੱਗਣ 'ਤੇ ਪਿੰਡ ਵਾਸੀ ਬੜੇ ਹੈਰਾਨ ਹੋਏ ਕਿਉਂਕਿ ਬੀਬੀਪੁਰ ਦੇ ਹੀ 3 ਛੋਟੀ ਉਮਰ ਦੇ ਨੌਜਵਾਨਾਂ ਨੇ ਪ੍ਰਵਾਸੀ ਮਜ਼ਦੂਰ ਨੂੰ ਇਕ ਲੜਕੀ 'ਤੇ ਬੁਰੀ ਨਜ਼ਰ ਰੱਖਣ ਦੇ ਸ਼ੱਕ ਕਤਲ ਕਰ ਕੇ ਲਾਸ਼ ਪਿੰਡ ਨੇੜਲੇ ਬਰਸੀਮ ਦੇ ਖੇਤ ਵਿਚ ਸੁੱਟ ਦਿੱਤੀ ਸੀ। ਇਸ ਸਬੰਧੀ ਥਾਣਾ ਮੁਖੀ ਇੰਸ. ਹਰਬਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੀਬੀਪੁਰ ਦੇ ਕਿਸਾਨ ਸਾਹਿਬ ਸਿੰਘ ਦਾ ਨੌਕਰ ਅਜੇ ਕੁਮਾਰ ਉਮਰ (25) ਸ਼ਰਾਬ ਪੀਣ ਦਾ ਆਦੀ ਸੀ। ਬੀਤੇ ਦਿਨੀਂ ਆਪਣੇ ਮਾਲਕ ਤੋਂ 100 ਰੁਪਏ ਲੈ ਕੇ ਖਰਾਬਗੜ੍ਹ ਦੇ ਠੇਕੇ 'ਤੇ ਸ਼ਰਾਬ ਪੀਣ ਚਲਾ ਗਿਆ ਪਰ ਰਾਤ ਨੂੰ ਉਹ ਵਾਪਸ ਨਾ ਆਇਆ। ਮਾਲਕਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਾ ਲੱਗਾ। ਅਗਲੇ ਦਿਨ ਉਸ ਦੀ ਲਾਸ਼ ਬਰਸੀਮ ਦੇ ਖੇਤਾਂ ਵਿਚੋਂ ਮਿਲੀ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕੀਤੀ ਗਈ। ਪਿੰਡ ਦੇ ਕੁੱਝ ਨੌਜਵਾਨਾਂ ਉੱਤੇ ਸ਼ੱਕ ਪੈਣ 'ਤੇ ਇਸ ਦੀ ਬਾਰੀਕੀ ਨਾਲ ਪੜਤਾਲ ਕਰ ਕੇ ਸਚਾਈ ਸਾਹਮਣੇ ਆਈ ਕਿ ਅਵਤਾਰ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਸ਼ੱਕ ਸੀ ਕਿ ਅਜੇ ਕੁਮਾਰ ਉਨ੍ਹਾਂ ਦੀ ਭੈਣ 'ਤੇ ਬੁਰੀ ਅੱਖ ਰਖਦਾ ਹੈ। ਇਸ ਤੋਂ ਬਾਅਦ ਮੁਨੀਸ਼ ਕੁਮਾਰ ਪੁੱਤਰ ਗੁਰਨਾਮ ਸਿੰਘ ਤੇ ਦਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਬੀਬੀਪੁਰ ਨੇ ਅਜੇ ਕੁਮਾਰ 'ਤੇ ਨਜ਼ਰ ਰੱਖੀ। ਖਰਾਬਗੜ੍ਹ ਦੇ ਠੇਕੇ ਤੋਂ ਸ਼ਰਾਬ ਪੀ ਕੇ ਰਾਤ 9 ਵਜੇ ਦੇ ਕਰੀਬ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਇਨ੍ਹਾਂ ਨੌਜਵਾਨਾਂ ਨੇ ਰਸਤੇ ਵਿਚ ਹੀ ਉਸ ਨੂੰ ਰੋਕ ਲਿਆ ਅਤੇ ਘਸੀਟ ਕੇ ਖੇਤਾਂ 'ਚ ਲੈ ਗਏ। ਮਨੀਸ਼ ਕੁਮਾਰ ਤੇ ਦਵਿੰਦਰ ਸਿੰਘ ਨੇ ਉਸ ਦੀਆਂ ਬਾਹਾਂ ਫੜ ਲਈਆਂ। ਅਵਤਾਰ ਸਿੰਘ ਨੇ ਖੁੰਘੀਦਾਰ ਡੰਡੇ ਨਾਲ ਕਈ ਵਾਰ ਕੀਤੇ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਥਾਣਾ ਜੁਲਕਾਂ ਦੀ ਪੁਲਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।